ਹਿੰਦੀ ਸਿਨੇਮਾ ਪੱਛਮੀ ਦੇਸ਼ਾਂ ’ਚ ਭਾਰਤ ਦੇ ਅਮੀਰ ਸੱਭਿਆਚਾਰ ਨੂੰ ਸਾਲ 2023 ’ਚ ਮਾਣ-ਮੱਤਾ ਸਥਾਨ ਦਿਵਾਉਂਦਾ ਨਜ਼ਰ ਆਇਆ। ਵਿਸ਼ਵ ਪੱਧਰੀ ਵੱਕਾਰੀ ਆਸਕਰ ਐਵਾਰਡ ’ਚ ਦੇਸ਼ ਦੇ ਸੱਭਿਆਚਾਰਕ ਦੂਤ ਵਜੋਂ ਨੁਮਾਇੰਦਗੀ ਕਰਦਿਆਂ ‘ਆਰਆਰਆਰ’ ਫਿਲਮ ਦਾ ‘ਨਾਟੂ-ਨਾਟੂ’ ਗਾਣਾ ਆਸਕਰ ਐਵਾਰਡ ਆਪਣੇ ਲੇਖੇ ਲਾਉਣ ’ਚ ਸਫਲ ਰਿਹਾ, ਜਿਸ ਨਾਲ ਭਾਰਤੀ ਫਿਲਮ ਉਦਯੋਗ ਦਾ ਚਿਹਰਾ-ਮੋਹਰਾ ਤੇ ਮੁਹਾਂਦਰਾ ਆਦਮਕੱਦ ਵਜੋਂ ਸਥਾਪਤ ਹੋਇਆ। ਭਾਰਤੀ ਫਿਲਮਾਂ ਦੀ ਹਰਮਨ-ਪਿਆਰਤਾ ਵਜੋਂ ਦੁਨੀਆ ਨੂੰ ਆਪਣੀ ਮਜ਼ਬੂਤੀ ਵਿਖਾਉਂਦੇ ਹੋਏ 1957 ਵਿਚ ਮਹਿਬੂਬ ਖ਼ਾਨ ਦੀ ਫਿਲਮ ‘ਮਦਰ ਇੰਡੀਆ’, 1988 ’ਚ ਮੀਰਾ ਨਾਇਰ ਦੀ ਫਿਲਮ ‘ਸਲਾਮ ਬਾਂਬੇ’, 2001 ’ਚ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ‘ਲਗਾਨ’ ਤੇ ਸਾਲ 2009 ’ਚ ਫਿਲਮ ‘ਸਲੱਮਡਾਗ ਮਲੇਨੀਅਰ’ ਦੇ ਸੰਗੀਤਕਾਰ ਏਆਰ ਰਹਿਮਾਨ ਦੀਆਂ ਧੁੰਨਾਂ ਤੇ ਗੁਲਜ਼ਾਰ ਦੇ ਲਿਖੇ ਗਾਣੇ ‘ਜੈ ਹੋ’ ਪਿੱਛੋਂ ਇਹ ਐਵਾਰਡ 14 ਸਾਲਾਂ ਦੇ ਵਕਫ਼ੇ ਬਾਅਦ ‘ਆਰਆਰਆਰ’ ਫਿਲਮ ਦੀ ਝੋਲੀ ਪਿਆ।

ਕੋਰੋਨਾ ਮਹਾਮਾਰੀ ਦੀ ਮਾਰ ਝੱਲਣ ਉਪਰੰਤ ਸਾਲ 2023 ਦੀ ਗਿਣਤੀ ਬਾਲੀਵੁੱਡ ’ਚ ਇਕ ਸਫਲ ਵਰ੍ਹੇ ਵਜੋਂ ਕੀਤੀ ਜਾ ਸਕਦੀ ਹੈ। ਭਾਵੇਂ ਕੁਝ ਫਿਲਮਾਂ ਟਿਕਟ ਖਿੜਕੀ ’ਤੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕੀਆਂ ਪਰ ਵੱਡੇ ਬਜਟ ਦੀਆਂ ਕਈ ਐਕਸ਼ਨ ਤੇ ਸੀਕੁਅਲ ਫਿਲਮਾਂ ਨੇ ਵੱਡੇ ਪਰਦੇ ’ਤੇ ਦਰਸ਼ਕਾਂ ਦੇ ਦਿਲਾਂ ’ਤੇ ਗੂੜ੍ਹੀ ਤੇ ਡੂੰਘੀ ਛਾਪ ਛੱਡੀ ਅਤੇ ਫਿਲਮਸਾਜ਼ਾਂ ਦੀ ਝੋਲੀ ’ਚ ਰਿਕਾਰਡਤੋੜ ਕਮਾਈ ਪਾਈ ਹੈ। ਕਮਾਈ ਦਾ ਇਹ ਅੰਕੜਾ 500 ਕਰੋੜ ਤੋਂ ਲੈ ਕੇ 1000 ਕਰੋੜ ਰੁਪਏ ਤੱਕ ਸਿਖਰਲਾ ਸਥਾਨ ਹਾਸਲ ਕਰ ਗਿਆ। ਕਮਾਈ ਨਾਲ ਮਾਲੋ-ਮਾਲ ਫਿਲਮਸਾਜ਼ਾਂ ਦੇ ਚਿਹਰਿਆਂ ’ਤੇ ਜਿੱਥੇ ਰੌਣਕ ਛਾ ਗਈ, ਉੱਥੇ ਇਨ੍ਹਾਂ ਫਿਲਮਸਾਜ਼ਾਂ ਵੱਲੋਂ ਅਗਲੇ ਵਰ੍ਹੇ 2024 ’ਚ ਕਰੋੜਾਂ ਰੁਪਏ ਬਜਟ ਦੀਆਂ ਐਕਸ਼ਨ ਤੇ ਸੀਕੁਅਲ ਫਿਲਮਾਂ ਪਰੋਸਣ ਲਈ ਨਵੇਂ ਪ੍ਰੋਜੈਕਟ ਵਿੱਢ ਦਿੱਤੇ ਗਏ। ਇਸ ਦੇ ਨਤੀਜੇ ਵਜੋਂ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਣ ਅਭਿਨੀਤ ਐਕਸ਼ਨ ਫਿਲਮ ‘ਫਾਈਟਰ’ 26 ਜਨਵਰੀ 2024 ਨੂੰ ਦਰਸ਼ਕਾਂ ਦੇ ਮਨੋਰੰਜਨ ਲਈ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਸਾਲ 2023 ’ਚ ਹੀ ਦਿੱਗਜ ਫਿਲਮ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਭਾਰਤੀ ਫਿਲਮ ਜਗਤ ਦੇ ਸਭ ਤੋਂ ਵੱਡੇ ਐਵਾਰਡ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਕੀਤਾ ਗਿਆ। ਸਾਲ 2023 ਦੇ ਅੰਤ ’ਤੇ ਐਕਸ਼ਨ ਫਿਲਮ ‘ਐਨੀਮਲ’ ਟਿਕਟ ਖਿੜਕੀ ’ਤੇ ਧੁੰਮਾਂ ਪਾਉਂਦੀ ਤੇ ਕਰੋੜਾਂ ਦੀ ਕਮਾਈ ਦਾ ਸਾਧਨ ਬਣਦੀ ਨਜ਼ਰ ਆਈ।

ਸਾਲ 2023 ਦੀਆਂ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ ਦਾ ਲੇਖਾ-ਜੋਖਾ ਕਰਦਿਆਂ ਇਹ ਹਕੀਕੀ ਤੱਥ ਉਭਰ ਕੇ ਸਾਹਮਣੇ ਆਏ ਹਨ ਕਿ ਇਹ ਵਰ੍ਹਾ ਫਿਲਮਾਂ ਲਈ ਸਫਲ ਹੋਣ ਦੇ ਬਾਵਜੂਦ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ। ਸਾਲ ਖ਼ਤਮ ਹੁੰਦਿਆਂ-ਹੁੰਦਿਆਂ ਸ਼ਾਹਰੁਖ਼ ਖ਼ਾਨ ਦੀ ਫਿਲਮ ‘ਡੰਕੀ’ ਟਿਕਟ ਖਿੜਕੀ ’ਤੇ ਧੁੰਮ ਮਚਾਉਂਦੀ ਹੋਈ ਕਰੋੜਾਂ ਦੀ ਆਮਦਨ ਦਾ ਸਰੋਤ ਬਣ ਕੇ ਉਭਰੀ ਹੈ। ਇਸ ਤੋਂ ਪਹਿਲਾਂ ਇਸੇ ਵਰ੍ਹੇ ਸ਼ਾਹਰੁਖ਼ ਖ਼ਾਨ ਦੀਆਂ ‘ਪਠਾਨ’ ਤੇ ‘ਜਵਾਨ’ ਫਿਲਮਾਂ ਨੂੰ ਵੀ ਬਾਕਸ-ਆਫਿਸ ’ਤੇ ਜ਼ਬਰਦਸਤ ਸਫਲਤਾ ਮਿਲੀ। ਸੰਨੀ ਦਿਓਲ ਦੀ ‘ਗਦਰ-2’, ਅਜੇ ਦੇਵਗਨ ਦੀ ‘ਭੋਲਾ’, ਆਯੁਸ਼ਮਾਨ ਖੁਰਾਣਾ ਦੀ ਫਿਲਮ ‘ਡ੍ਰੀਮ ਗਰਲ-2’ ਤੇ ‘ਸੱਤਿਆ ਪ੍ਰੇਮ ਕੀ ਕਥਾ’, ਸਲਮਾਨ ਖ਼ਾਨ ਦੀ ਫਿਲਮ ‘ਟਾਈਗਰ-3’, ਸਲਮਾਨ ਖ਼ਾਨ ਦੀ ਭਣੇਵੀਂ ਦੀ ਫਿਲਮ ‘ਫ੍ਰਰੇ’, ਵਿਕਰਮ ਮੈਸੀ ਦੀਆਂ ਫਿਲਮਾਂ ‘12ਵੀਂ ਫੇਲ੍ਹ’ ਤੇ ‘ਕੇਰਲ ਸਟੋਰੀ’ ਨੇ ਰਿਲੀਜ਼ ਹੋਣ ’ਤੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ। ਇਨ੍ਹਾਂ ਫਿਲਮਾਂ ਨੇ ਵੀ ਕਮਾਈ ਪੱਖੋਂ ਫਿਲਮਸਾਜ਼ਾਂ ਨੂੰ ਨਿਹਾਲ ਕੀਤਾ।

ਆਲੀਆ ਭੱਟ ਤੇ ਰਣਵੀਰ ਸਿੰਘ ਦੀ ਫਿਲਮ ‘ਰਾਕੀ ਤੇ ਰਾਣੀ ਦੀ ਪ੍ਰੇਮ ਕਹਾਣੀ’ ਵੀ ਸਫਲ ਰਹੀ। ਇੰਜੀਨੀਅਰ ਜਸਵੰਤ ਸਿੰਘ ਗਿੱਲ ਦੇ ਜੀਵਨ ’ਤੇ ਅਧਾਰਿਤ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਰਾਣੀਗੰਜ’ ਟਿਕਟ ਖਿੜਕੀ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ। ਇਵੇਂ ਹੀ ਅਕਸ਼ੈ ਕੁਮਾਰ ਦੀ ਇਕ ਹੋਰ ਫਿਲਮ ‘ਸੈਲਫੀ’ ਵੀ ਸਫਲਤਾ ਦੀ ਪੌੜੀ ਨਾ ਚੜ੍ਹ ਸਕੀ। ਏਕਤਾ ਕਪੂਰ ਦੀ ਫਿਲਮ ‘ਥੈਂਕਿਊ ਫਾਰ ਕਮਿੰਗ’, ਸਲਮਾਨ ਖ਼ਾਨ ਦੀ ਫਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’, ਨਾਨਾ ਪਾਟੇਕਰ ਦੀ ਫਿਲਮ ‘ਵੈਕਸੀਅਨ’, ਵਿਸ਼ਾਲ ਭਾਰਦਵਾਜ ਦੀ ਫਿਲਮ ‘ਕੁੱਤੇ’, ‘ਮਿਸ਼ਨ ਮਜਨੂੰ’, ਸੰਨੀ ਦਿਓਲ ਦੇ ਪੁੱਤਰ ਰਾਜਬੀਰ ਦਿਓਲ ਦੀ ਫਿਲਮ ‘ਦੋਨੋਂ’ ਅਤੇ ‘ਫੁਕਰੇ-3’ ਮਸਾਂ ਇਕ ਹਫ਼ਤਾ ਹੀ ਸਿਨੇਮਾ ਘਰਾਂ ਦੇ ਪਰਦੇ ’ਤੇ ਟਿਕਦੀਆਂ ਤੇ ਫਲਾਪ ਹੁੰਦੀਆਂ ਦਿਸੀਆਂ। ਸਾਲ 2023 ਦਾ ਵਰ੍ਹਾ ਵੱਡੇ ਪਰਦੇ ਦੀਆਂ ਬਜਟ ਫਿਲਮਾਂ ਲਈ ਵੀ ਸੁਨਹਿਰੀ ਸਫਰ ਦਾ ਇਕ ਅਧਿਆਇ ਹੋ ਨਿੱਬੜਦਾ ਹੈ।

– ਐੱਸ. ਪ੍ਰਸ਼ੋਤਮ