ਸਪੋਰਟਸ ਡੈਸਕ, ਨਵੀਂ ਦਿੱਲੀ : ਮਹਿਲਾ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਲਈ ਬਾਜ਼ਾਰ ਤਿਆਰ ਹੈ। ਕਈ ਖਿਡਾਰਨਾਂ ਦੀ ਕਿਸਮਤ ਦਾ ਫੈਸਲਾ 9 ਦਸੰਬਰ ਨੂੰ ਨਿਲਾਮੀ ਟੇਬਲ ‘ਤੇ ਹੋਣਾ ਹੈ। ਇਸ ਵਾਰ ਭਾਰਤੀ ਸੀਨੀਅਰ ਖਿਡਾਰਨਾਂ ਦੇ ਨਾਲ-ਨਾਲ ਟੀਮਾਂ ਘਰੇਲੂ ਕ੍ਰਿਕਟ ‘ਚ ਚਮਕਣ ਵਾਲੇ ਖਿਡਾਰੀਆਂ ‘ਤੇ ਵੀ ਨਜ਼ਰ ਰਹਿਣ ਵਾਲੀ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਪੰਜ ਭਾਰਤੀ ਅਨਕੈਪਡ ਖਿਡਾਰੀਆਂ ਦੇ ਨਾਂ, ਜਿਨ੍ਹਾਂ ਨੂੰ ਨਿਲਾਮੀ ਵਿੱਚ ਭਾਰੀ ਰਕਮ ਮਿਲ ਸਕਦੀ ਹੈ।

1. ਵਰਿੰਦਾ ਦਿਨੇਸ਼

ਪਿਛਲੇ ਦੋ ਸਾਲਾਂ ‘ਚ ਵਰਿੰਦਾ ਦਿਨੇਸ਼ ਨੇ ਘਰੇਲੂ ਕ੍ਰਿਕਟ ‘ਚ ਕਰਨਾਟਕ ਲਈ ਖੇਡਦੇ ਹੋਏ ਬੱਲੇ ਨਾਲ ਤਬਾਹੀ ਮਚਾਈ। ਵਰਿੰਦਾ ਸਿਖਰਲੇ ਕ੍ਰਮ ‘ਚ ਬੱਲੇਬਾਜ਼ੀ ਕਰਦੀ ਹੈ ਤੇ ਵੱਡੇ ਸ਼ਾਟ ਮਾਰਨ ‘ਚ ਮਾਹਰ ਹੈ। 22 ਸਾਲਾ ਵਰਿੰਦਾ ਇੰਗਲੈਂਡ ਏ ਖਿਲਾਫ ਖੇਡੇ ਗਏ ਮੈਚਾਂ ‘ਚ ਵੀ ਭਾਰਤੀ ਟੀਮ ਦਾ ਹਿੱਸਾ ਰਹੀ ਸੀ।

2. ਉਮਾ ਛੇਤਰੀ

ਉਮਾ ਛੇਤਰੀ ਇਕ ਵਿਕਟਕੀਪਰ ਬੱਲੇਬਾਜ਼ ਹੈ ਤੇ ਪਾਵਰਪਲੇ ਦੇ ਅੰਦਰ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣੀ ਜਾਂਦੀ ਹੈ। ਹਾਂਗਕਾਂਗ ‘ਚ ਖੇਡੇ ਗਏ ਐਮਰਜਿੰਗ ਏਸ਼ੀਆ ਕੱਪ ਦੇ ਫਾਈਨਲ ‘ਚ ਉਮਾ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ। ਉਮਾ ਨੂੰ ਇਸ ਸਾਲ ਬੰਗਲਾਦੇਸ਼ ਦੌਰੇ ਲਈ ਭਾਰਤੀ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਸੀ।

3. ਕਾਸ਼ਵੀ ਗੌਤਮ

ਕਾਸ਼ਵੀ ਗੌਤਮ ਸਾਲ 2020 ‘ਚ ਸੁਰਖੀਆਂ ‘ਚ ਰਹੀ ਸੀ, ਜਦੋਂ ਉਸਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਇਕ ਪਾਰੀ ‘ਚ ਸਾਰੀਆਂ 10 ਵਿਕਟਾਂ ਲਈਆਂ। ਕਾਸ਼ਵੀ ਨੇ ਅੰਡਰ-19 ਘਰੇਲੂ ਮੈਚ ‘ਚ ਵੀ ਹੈਟ੍ਰਿਕ ਲਈ ਸੀ। ਕਾਸ਼ਵੀ ਦੀ ਗੇਂਦਬਾਜ਼ੀ ‘ਚ ਕਾਫੀ ਭਿੰਨਤਾ ਮੌਜੂਦ ਹੈ। ਸੀਨੀਅਰ ਮਹਿਲਾ ਟੀ-20 ਟਰਾਫੀ ‘ਚ ਕਸ਼ਵੀ ਨੇ 7 ਮੈਚਾਂ ਵਿੱਚ 12 ਵਿਕਟਾਂ ਲਈਆਂ।

4. ਮੰਨਤ ਕਸ਼ਯਪ

ਮੰਨਤ ਕਸ਼ਯਪ ਖੱਬੇ ਹੱਥ ਦੀ ਸਪਿਨ ਗੇਂਦਬਾਜ਼ ਹੈ ਤੇ ਉਹ ਆਪਣੀ ਸਪਿਨਿੰਗ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਨੱਚਣ ਦੀ ਕਲਾ ਜਾਣਦੀ ਹੈ। ਮੰਨਤ ਵੀ ਭਾਰਤੀ ਟੀਮ ਦਾ ਹਿੱਸਾ ਸੀ ਜੋ ਫਰਵਰੀ ‘ਚ ਅੰਡਰ-19 ਚੈਂਪੀਅਨ ਬਣੀ ਸੀ। ਮੰਨਤ ਨੇ ਟੂਰਨਾਮੈਂਟ ‘ਚ ਖੇਡੇ ਗਏ 6 ਮੈਚਾਂ ‘ਚ 9 ਵਿਕਟਾਂ ਲਈਆਂ ਸਨ। ਮੰਨਤ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਘਰੇਲੂ ਸੀਰੀਜ਼ ‘ਚ ਭਾਰਤੀ ਟੀਮ ਦਾ ਹਿੱਸਾ ਹੈ।

5. ਗੌਤਮੀ ਨਾਇਕ

ਗੇਂਦਬਾਜ਼ੀ ਆਲਰਾਊਂਡਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੌਤਮੀ ਨਾਇਕ ਇਨ੍ਹੀਂ ਦਿਨੀਂ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬੱਲੇਬਾਜ਼ੀ ‘ਚ ਆਪਣੀ ਕਾਬਲੀਅਤ ਦਿਖਾਉਣ ਦੇ ਨਾਲ ਗੌਤਮੀ ਇਹ ਵੀ ਜਾਣਦੀ ਹੈ ਕਿ ਕਿਵੇਂ ਆਪਣੀਆਂ ਘੁੰਮਦੀਆਂ ਗੇਂਦਾਂ ਨਾਲ ਬੱਲੇਬਾਜ਼ਾਂ ਦਾ ਜਿਊਣਾ ਹਰਾਮ ਕਰਨਾ ਵੀ ਖੂਬ ਜਾਣਦੀ ਹੈ। ਇਹੀ ਕਾਰਨ ਹੈ ਕਿ ਨਿਲਾਮੀ ਟੇਬਲ ‘ਤੇ ਉਨ੍ਹਾਂ ਦੇ ਨਾਵਾਂ ਨੂੰ ਲੈ ਕੇ ਕਾਫੀ ਚਰਚਾ ਹੋ ਸਕਦੀ ਹੈ।