ਜਾਗਰਣ ਨਿਊਜ਼ ਨੈੱਟਵਰਕ, ਅਹਿਮਦਾਬਾਦ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਐਤਵਾਰ ਨੂੰ ਇੱਥੇ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਤੋਹਫੇ ’ਚ ਮਿਲੀ। ਤੇਂਦੁਲਕਰ ਨੇ ਆਪਣੇ ਆਖ਼ਰੀ ਵਨਡੇ ਦੌਰਾਨ ਪਾਈ ਹੋਈ ਜਰਸੀ ਦਸਤਖਤ ਕੀਤੀ ਹੋਈ ਕੋਹਲੀ ਨੂੰ ਤੋਹਫੇ ਵਿਚ ਦਿੱਤੀ। ਤੇਂਦੁਲਕਰ ਦਾ ਆਖਰੀ ਵਨਡੇ 2012 ‘ਚ ਮੀਰਪੁਰ ਵਿਚ ਪਾਕਿਸਤਾਨ ਦੇ ਖਿਲਾਫ ਏਸ਼ੀਆ ਕੱਪ ਮੈਚ ਸੀ।
ਕੋਹਲੀ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ’ਚ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ‘ਐਕਸ’ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਕੋਹਲੀ ਨੇ ਜਰਸੀ ਫੜੀ ਹੋਈ ਹੈ। ਬੀਸੀਸੀਆਈ ਨੇ ਲਿਖਿਆ ਕਿ ਇਹ ਇਕ ਖਾਸ ਮੌਕਾ ਹੈ ਅਤੇ ਮੈਚ ਤੋਂ ਪਹਿਲਾਂ ਇਕ ਖਾਸ ਪਲ ਹੈ। ਉਸ ਦੇ ਹਾਵ-ਭਾਵ ਵਿਚ ਉਸ ਦੀ ‘ਕਲਾਸ’ ਨਜ਼ਰ ਆਉਂਦੀ ਹੈ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਨੂੰ ਆਪਣੇ ਆਖਰੀ ਵਨਡੇ ਵਿਚ ਪਹਿਨੀ ਗਈ ਦਸਤਖਤ ਵਾਲੀ ਜਰਸੀ ਤੋਹਫੇ ਵਿਚ ਦਿੱਤੀ ਹੈ।


