Who was Shahid Latif : ਏਜੰਸੀ, ਨਵੀਂ ਦਿੱਲੀ : ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਪਾਕਿਸਤਾਨ ‘ਚ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਾਹਿਦ ਲਤੀਫ (Shahid Latif) ਪਠਾਨਕੋਟ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ।

ਸ਼ਾਹਿਦ ਲਤੀਫ ਦਾ IC-814 ਕੁਨੈਕਸ਼ਨ

ਸ਼ਾਹਿਦ ਲਤੀਫ ਨੂੰ 1994 ‘ਚ ਜੰਮੂ-ਕਸ਼ਮੀਰ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 1999 ‘ਚ ਜਦੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈ.ਸੀ.-814 ਨੂੰ ਹਾਈਜੈਕ ਕਰ ਲਿਆ ਗਿਆ ਤਾਂ 31 ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਪਰ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਸ਼ਾਹਿਦ ਲਤੀਫ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ ਮਈ 2010 ‘ਚ ਤਤਕਾਲੀ ਮਨਮੋਹਨ ਸਿੰਘ ਸਰਕਾਰ ਨੇ ਪਾਕਿਸਤਾਨ ਪ੍ਰਤੀ ਸਦਭਾਵਨਾ ਦਿਖਾਉਂਦੇ ਹੋਏ 25 ਅੱਤਵਾਦੀਆਂ ਨੂੰ ਰਿਹਾਅ ਕਰ ਕੇ ਪਾਕਿਸਤਾਨ ਵਾਪਸ ਭੇਜ ਦਿੱਤਾ ਸੀ। ਇਨ੍ਹਾਂ ਵਿੱਚ ਸ਼ਾਹਿਦ ਲਤੀਫ਼ ਵੀ ਸ਼ਾਮਲ ਸੀ।

ਹੁਣ ਸ਼ਾਹਿਦ ਲਤੀਫ ਦੀ ਹੱਤਿਆ ਤੋਂ ਬਾਅਦ ਇਸ ਮੁੱਦੇ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਲਤੀਫ ਭਾਰਤ ਦਾ ਦੁਸ਼ਮਣ ਸੀ, ਜਿਸ ਨੂੰ ਕਾਂਗਰਸ ਸਰਕਾਰ ਨੇ ਰਿਹਾਅ ਕਰ ਦਿੱਤਾ ਸੀ।

ਪਾਕਿਸਤਾਨ ਜਾਣ ਤੋਂ ਬਾਅਦ ਸ਼ਾਹਿਦ ਲਤੀਫ ਦੀਆਂ ਅੱਤਵਾਦੀ ਗਤੀਵਿਧੀਆਂ ਰੁਕੀਆਂ ਨਹੀਂ। ਸ਼ਾਹਿਦ ਜੈਸ਼-ਏ-ਮੁਹੰਮਦ (JEM) ‘ਚ ਸ਼ਾਮਲ ਹੋ ਗਿਆ ਸੀ। ਉਸ ਦਾ ਕੰਮ ਅੱਤਵਾਦੀਆਂ ਨੂੰ ਤਿਆਰ ਕਰ ਕੇ ਭਾਰਤ ਭੇਜਣਾ ਸੀ।

Pathankot Attack Mastermind

ਸ਼ਾਹਿਦ ਨੇ ਆਪਣੇ ਵੱਲੋਂ ਤਿਆਰ ਚਾਰ ਅੱਤਵਾਦੀਆਂ ਨੂੰ ਭਾਰਤ ਭੇਜਿਆ ਸੀ। ਉਨ੍ਹਾਂ ਦੀ ਪੂਰੀ ਮਦਦ ਕੀਤੀ ਤੇ ਪਠਾਨਕੋਟ ਹਮਲੇ ਨੂੰ ਅੰਜਾਮ ਦਿੱਤਾ। ਮਨਮੋਹਨ ਸਰਕਾਰ ਵੱਲੋਂ ਰਿਹਾਅ ਕੀਤੇ ਗਏ ਬਾਕੀ ਅੱਤਵਾਦੀਆਂ ਨੇ ਵੀ ਅਜਿਹਾ ਹੀ ਕੀਤਾ।

ਇਸੇ ਤਰ੍ਹਾਂ 2007 ‘ਚ ਸਜ਼ਾ ਪੂਰੀ ਕਰਨ ਤੋਂ ਬਾਅਦ ਵਾਪਸ ਭੇਜੇ ਗਏ ਅੱਤਵਾਦੀ ਸੈਫੁੱਲਾ ਖਾਲਿਦ ਹੁਣ ਜੈਸ਼-ਏ-ਮੁਹੰਮਦ ‘ਚ ਸਰਗਰਮ ਹੈ ਅਤੇ ਮੁਜ਼ੱਫਰਾਬਾਦ ਵਿਚ ਆਪਣੇ ਕੈਂਪ ਦੀ ਦੇਖ-ਰੇਖ ਕਰ ਰਿਹਾ ਹੈ।