ਮੁੰਬਈ, ਏਐੱਨਆਈ : ਵੀਰਵਾਰ ਨੂੰ ਮੁੰਬਈ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਇਕ ਨਿੱਜੀ ਜਹਾਜ਼ ਰਨਵੇਅ ਤੋਂ ਤਿਲਕ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, VSR ਵੈਂਚਰਸ ਲੀਅਰਜੇਟ 45 ਜਹਾਜ਼ ਨੇ ਵਿਸ਼ਾਖਾਪਟਨਮ ਤੋਂ ਉਡਾਣ ਭਰੀ ਸੀ ਅਤੇ ਮੁੰਬਈ ਹਵਾਈ ਅੱਡੇ ‘ਤੇ ਭਾਰੀ ਮੀਂਹ ਦੇ ਦੌਰਾਨ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ।

ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਵੀਡੀਓ ਪੋਸਟ ਕਰ ਕੇ ਜਹਾਜ਼ ਹਾਦਸੇ ਦੀ ਜਾਣਕਾਰੀ ਦਿੱਤੀ।

ਲੈਂਡਿੰਗ ਦੌਰਾਨ ਤਿਲਕਿਆ ਜਹਾਜ਼

ਨਿਊਜ਼ ਏਜੰਸੀ ਨੇ ਡੀਜੀਸੀਏ ਦੇ ਹਵਾਲੇ ਨਾਲ ਦੱਸਿਆ ਕਿ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL, ਜੋ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰ ਰਿਹਾ ਸੀ, ਮੁੰਬਈ ਹਵਾਈ ਅੱਡੇ ਦੇ ਰਨਵੇਅ 27 ‘ਤੇ ਉਤਰਨ ਦੌਰਾਨ ਤਿਲਕ ਗਿਆ। ਜਹਾਜ਼ ਵਿੱਚ ਛੇ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ।

ਡੀਜੀਸੀਏ ਨੇ ਕਿਹਾ ਕਿ ਭਾਰੀ ਮੀਂਹ ਕਾਰਨ 700 ਮੀਟਰ ਵਿਜ਼ੀਬਿਲਟੀ ਸੀ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਹਵਾਈ ਅੱਡੇ ਦੇ ਡਿਊਟੀ ਅਧਿਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਗਿਆ ਅਤੇ ਫਿਰ ਘਰੇਲੂ ਹਵਾਈ ਅੱਡੇ ‘ਤੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਰਨਵੇਅ 27

ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਰਨਵੇਅ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਰਨਵੇਅ ‘ਤੇ ਸੰਚਾਲਨ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ।