ਜਾਗਰਣ ਟੀਮ, ਨਵੀਂ ਦਿੱਲੀ : ਮੰਗਲਵਾਰ ਨੂੰ ਉੱਤਰੀ ਭਾਰਤ ਦੇ ਜ਼ਿਆਦਾਤਰ ਹਲਕਿਆਂ ਵਿਚ ਹੱਡ ਚੀਰਵੀਂ ਠੰਢ ਨੇ ਲੋਕਾਂ ’ਚ ਕਾਂਬਾ ਛੇੜੀ ਰੱਖਿਆ। ਜੰਮੂ-ਕਸ਼ਮੀਰ ’ਚ ਮੰਗਲਵਾਰ ਨੂੰ ਠੰਢ ਹੋਰ ਵਧ ਗਈ। ਸ੍ਰੀਨਗਰ ਸਮੇਤ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਧੁੱਪ ਰਹੀ ਪਰ ਘੱਟੋ ਘੱਟ ਤਾਪਮਾਨ ਸਿਫਰ ਤੋਂ ਹੇਠਾਂ ਰਿਹਾ। ਸੀਤ ਲਹਿਰ ਵੀ ਚੱਲ ਰਹੀ ਹੈ। ਇਤਿਹਾਸਕ ਡਲ ਝੀਲ ਦੀ ਸਤ੍ਹਾ ’ਤੇ ਪਾਣੀ ਦੀ ਪਤਲੀ ਪਰਤ ਜੰਮ ਗਈ ਹੈ। ਉੱਤਰਾਖੰਡ ਵਿਚ ਵੀ ਮੌਸਮ ਖੁਸ਼ਕ ਹੈ ਪਰ ਠੰਢੀਆਂ ਹਵਾਵਾਂ ਕਾਂਬਾ ਛੇੜ ਰਹੀਆਂ ਹਨ। ਮੈਦਾਨੀ ਖੇਤਰਾਂ ਵਿਚ ਸੰਘਣੀ ਧੁੰਦ ਮੁਸੀਬਤ ਬਣੀ ਹੋਈ ਹੈ ਜਦਕਿ ਪਹਾੜੀ ਖੇਤਰ ਦੀ ਠੰਢ ਦੀ ਮਾਰ ਝੱਲ ਰਹੇ ਹਨ।

ਉੱਤਰ ਪ੍ਰਦੇਸ਼ : ਪਹਾੜਾਂ ’ਤੇ ਹੋਈ ਬਰਫਬਾਰੀ ਦਾ ਅਸਰ ਉੱਤਰ ਪ੍ਰਦੇਸ਼ ਵਿਚ ਦਿਸ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਵਿਚ ਅਗਲੇ ਤਿੰਨ ਦਿਨਾਂ ਨੂੰ ਹੋਰ ਠੰਢ ਵਧੇਗੀ। ਇਸ ਦੌਰਾਨ ਧੁੰਦ ਵੀ ਲੋਕਾਂ ਨੂੰ ਕਾਫੀ ਪਰੇਸ਼ਾਨ ਕਰੇਗੀ। ਠੰਢੀਆਂ ਹਵਾਵਾਂ ਕਾਂਬਾ ਛੇੜ ਰਹੀਆਂ ਹਨ। ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿਚ ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ।

ਦਿੱਲੀ : ਮੰਗਲਵਾਰ ਨੂੰ ਵੀ ਹਵਾਵਾਂ ਦੇ ਅਸਰ ਨਾਲ ਦਿੱਲੀ ਵਿਚ ਠੰਢ ਬਰਕਰਾਰ ਹੈ। ਸਵੇਰ ਦਾ ਘੱਟੋ ਘੱਟ ਤਾਪਮਾਨ 8.3 ਜਦਕਿ ਵੱਧ ਤੋਂ ਵੱਧ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ ਸਾਢੇ ਪੰਜ ਵਜੇ ਆਈਜੀਆਈ ਏਅਰਪੋਰਟ ’ਤੇ ਦਿਸਣ ਹੱਦ ਜਿੱਥੇ 500 ਮੀਟਰ ਸੀ, ਉਥਏ ਸਾਢੇ ਅੱਠ ਵਜੇ ਇਹ 1200 ਮੀਟਰ ਤੱਕ ਰਹੀ।

ਉੱਤਰਾਖੰਡ : ਸੰਘਣੀ ਧੁੰਦ ਕਾਰਨ ਮੰਗਲਵਾਰ ਨੂੰ ਦੇਹਰਾਦੂਨ ’ਚ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ। ਸਵੇਰੇ ਅੱਠ ਵਜੇ ਆਉਣ ਵਾਲੀ ਇੰਡੀਗੋ ਦੀ ਅਹਿਮਦਾਬਾਦ, ਦਿੱਲੀ ਅਤੇ ਜੈਪੁਰ ਦੀ ਫਲਾਈਟ ਨਿਰਧਾਰਤ ਸਮੇਂ ’ਤੇ ਨਹੀਂ ਪੁੱਜੀ। ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਬਿਕਰਮ ਸਿੰਘ ਅਨੁਸਾਰ ਉੱਤਰਾਖੰਡ ਵਿਚ ਅਗਲੇ ਕੁਝ ਦਿਨ ਮੌਸਮ ਖ਼ੁਸ਼ਕ ਰਹਿ ਸਕਦਾ ਹੈ।

ਰਾਜਸਥਾਨ : ਰਾਜਸਥਾਨ ਵਿਚ ਲਗਪਗ ਇਕ ਦਰਜਨ ਜ਼ਿਲ੍ਹੇ ਸੰਘਣੀ ਧੁੰਦ ਦੀ ਲਪੇਟ ਵਿਚ ਹਨ। ਬੀਕਾਨੇਰ, ਸ੍ਰੀਗੰਗਾਨਗਰ ਅਤੇ ਹਨੂਮਾਨਗੜ੍ਹ ਵਿਚ ਦਿਸਣ ਹੱਦ 1500 ਮੀਟਰ ਤੋਂ ਵੀ ਘੱਟ ਰਹੀ। ਜੈਪੁਰ ਹਵਾਈ ਅੱਡੇ ’ਤੇ ਦਿਸਣ ਹੱਦ ਸਮਰੱਥਆ 500 ਮੀਟਰ ਹੀ ਰਹੀ। ਇਸ ਕਾਰਨ ਦੋ ਜਹਾਜ਼ ਸਮੇਂ ਸਿਰ ਉਡਾਣ ਨਹੀਂ ਭਰ ਸਕੇ। ਜੈਪੁਰ ਤੋਂ ਉਦੈਪੁਰ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ।

ਬਿਹਾਰ : ਬਿਹਾਰ ਦੇ ਸਾਰੇ ਜ਼ਿਲ੍ਹਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ। 15 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਹੈਦਰਾਬਾਦ ਤੋਂ ਪਟਨਾ ਆਉਣ ਵਾਲੀ ਇੰਡੀਗੋ ਦੀ ਪਹਿਲੀ ਫਲਾਈਟ ਚਾਰ ਘੰਟੇ 23 ਮਿੰਟ ਦੇਰੀ ਨਾਲ ਪਟਨਾ ਪੁੱਜੀ।

ਜੰਮੂ-ਕਸ਼ਮੀਰ : ਸੋਮਵਾਰ ਰਾਤ ਸ੍ਰੀਨਗਰ ਵਿਚ ਘੱਟੋ ਘੱਟ ਤਾਪਮਾਨ ਜ਼ੀਰੋ ਤੋਂ 4.8 ਡਿਗਰੀ ਸੈਲਸੀਅਸ ਹੇਠਾਂ ਰਿਹਾ। ਸਰਦੀ ਦੇ ਇਸ ਸੀਜ਼ਨ ਵਿਚ ਸ਼ਹਿਰ ਦਾ ਇਹ ਸਭ ਤੋਂ ਘੱਟ ਤਾਪਮਾਨ ਹੈ ਅਤੇ ਗੁਲਮਰਗ ਤੋਂ ਵੀ ਠੰਢਾ ਰਿਹਾ। ਓਧਰ, ਜੰਮੂੁ ਵਿਚ ਪੂਰੇ ਦਿਨ ਬੱਦਲ ਛਾਏ ਰਹੇ। ਠੰਢੀ ਹਵਾ ਚੱਲਣ ਕਾਰਨ ਲੋਕ ਕੰਬਦੇ ਰਹੇ। ਕਸ਼ਮੀਰ ਲੰਬੇ ਸਮੇਂ ਤੋਂ ਖੁਸ਼ਕ ਚੱਲ ਰਹੀ ਹੈ ਅਤੇ ਅਗਲੇ ਛੇ ਦਿਨਾਂ ਚੱਕ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ।