ਡਿਜੀਟਲ ਡੈਸਕ, ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਹੀ ਪਾਰਟੀ ਨੇ ਸਵਾਤੀ ਨੂੰ ਰਾਜ ਸਭਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਅਸਤੀਫਾ ਦਿੰਦੇ ਹੋਏ ਵੀ ਉਹ ਭਾਵੁਕ ਹੋ ਗਈ ਅਤੇ ਬਾਅਦ ‘ਚ ਸਾਰਾ ਸਟਾਫ ਗਲੇ ਲਗਾ ਕੇ ਰੋਇਆ।

ਸਵਾਤੀ ਨੇ ਕਿਹਾ- ਲੜਾਈ ਖਤਮ ਨਹੀਂ ਹੋਈ

ਅਸਤੀਫਾ ਦੇਣ ਤੋਂ ਬਾਅਦ, ਸਵਾਤੀ ਨੇ ਐਕਸ ‘ਤੇ ਪੋਸਟ ਕੀਤਾ… ਪਲ ਦੋ ਪਲ ਮੇਰੀ ਕਹਾਣੀ ,ਅੱਜ ਨਮ ਅੱਖਾਂ ਨਾਲ ਦਿੱਲੀ ਮਹਿਲਾ ਕਮਿਸ਼ਨ ਨੂੰ ਅਲਵਿਦਾ ਕਿਹਾ। 8 ਸਾਲ ਕਦੋਂ ਬੀਤ ਗਏ ਪਤਾ ਹੀ ਨਾ ਲੱਗਾ। ਇੱਥੇ ਰਹਿੰਦਿਆਂ ਕਈ ਉਤਰਾਅ-ਚੜ੍ਹਾਅ ਦੇਖੇ। ਆਪਣਾ ਹਰ ਦਿਨ ਦਿੱਲੀ ਅਤੇ ਦੇਸ਼ ਦੀ ਭਲਾਈ ਲਈ ਸਮਰਪਿਤ ਕੀਤਾ। ਲੜਾਈ ਖਤਮ ਨਹੀਂ ਹੋਈ, ਇਹ ਤਾਂ ਸ਼ੁਰੂਆਤ ਹੈ।

ਅੱਠ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤਾ: ਸਵਾਤੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ, ‘ਦਿੱਲੀ ਮਹਿਲਾ ਕਮਿਸ਼ਨ ਨੇ ਪਿਛਲੇ ਅੱਠ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਅਸੀਂ 1 ਲੱਖ 70 ਹਜ਼ਾਰ ਸ਼ਿਕਾਇਤਾਂ ‘ਤੇ ਸਿੱਧੀ ਕਾਰਵਾਈ ਕੀਤੀ ਹੈ। ਅਸੀਂ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਨੂੰ 500 ਤੋਂ ਵੱਧ ਸੁਝਾਅ ਭੇਜੇ ਹਨ। ਜਿਨਸੀ ਸ਼ੋਸ਼ਣ ਦੇ ਸ਼ਿਕਾਰ 60,000 ਪੀੜਤਾਂ ਨੂੰ ਸਲਾਹ ਦਿੱਤੀ ਗਈ। 181 ਮਹਿਲਾ ਹੈਲਪਲਾਈਨ ਨੰਬਰ ‘ਤੇ ਕਰੀਬ 41 ਲੱਖ ਕਾਲਾਂ ਆਈਆਂ। ਦਿੱਲੀ ਮਹਿਲਾ ਕਮਿਸ਼ਨ ਕਦੇ ਵੀ ਡਰਿਆ ਨਹੀਂ ਅਤੇ ਸਿਸਟਮ ਤੋਂ ਅਹਿਮ ਸਵਾਲ ਉਠਾਏ ਹਨ।