ਡਿਜੀਟਲ ਡੈਸਕ, ਉੱਤਰਕਾਸ਼ੀ : Uttarkashi Tunnel Rescue Operation: ਆਖ਼ਿਰਕਾਰ ਉਮੀਦ ਅਤੇ ਸੰਘਰਸ਼ ਦੀ ਜਿੱਤ ਹੋਈ। ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ‘ਚ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਅ ਕਾਰਜ ਵਿਚ ਦੁਨੀਆ ਭਰ ਦੇ ਕਈ ਮਾਹਿਰ ਸ਼ਾਮਲ ਸਨ।
ONGC, SJVNL, RVNL, NHIDCL ਅਤੇ THDCL ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਆਸਟ੍ਰੇਲੀਆ ਸਥਿਤ ਪ੍ਰਧਾਨ ਅਰਨੋਲਡ ਡਿਕਸ ਨੂੰ ਬੁਲਾਇਆ ਗਿਆ। ਉਹ 20 ਨਵੰਬਰ ਨੂੰ ਸੁਰੰਗ ਵਾਲੀ ਥਾਂ ‘ਤੇ ਪਹੁੰਚਿਆ ਸੀ। ਉਨ੍ਹਾਂ ਸਾਰਿਆਂ ਨੂੰ ਪਿਛਲੇ 17 ਦਿਨਾਂ ‘ਚ ਹਮੇਸ਼ਾ ਸਕਾਰਾਤਮਕ ਰਹਿਣ ਦੀ ਸਲਾਹ ਦਿੱਤੀ। ਡਿਕਸ ਦਿਨ-ਰਾਤ ਸੁਰੰਗ ਵਾਲੀ ਥਾਂ ‘ਤੇ ਮਜ਼ਦੂਰਾਂ ਦੇ ਸੰਪਰਕ ‘ਚ ਰਹੇ।
ਕੌਣ ਹਨ ਅਰਨੋਲਡ ਡਿਕਸ ?
- ਪ੍ਰੋਫ਼ੈਸਰ ਅਰਨੋਲਡ ਡਿਕਸ ਉਨ੍ਹਾਂ ਮਾਹਿਰਾਂ ‘ਚੋਂ ਇੱਕ ਹਨ ਜਿਨ੍ਹਾਂ ਨੇ ਮਜ਼ਦੂਰਾਂ ਨੂੰ ਸੁਰੰਗ ‘ਚੋਂ ਬਾਹਰ ਲਿਆਂਦਾ। ਉਹ ਜ਼ਮੀਂਦੋਜ਼ ਤੇ ਆਵਾਜਾਈ ਦੇ ਬੁਨਿਆਦੀ ਢਾਂਚੇ ‘ਚ ਮਾਹਰ ਹਨ।
- ਉਹ ਨਾ ਸਿਰਫ਼ ਅੰਡਰਗਰਾਊਂਡ ਉਸਾਰੀ ਨਾਲ ਜੁੜੇ ਖ਼ਤਰਿਆਂ ਬਾਰੇ ਸਲਾਹ ਦਿੰਦੇ ਹਨ ਸਗੋਂ ਸੁਰੰਗ ਬਣਾਉਣ ਦੇ ਵਿਸ਼ਵ ਦੇ ਪ੍ਰਮੁੱਖ ਮਾਹਿਰਾਂ ‘ਚੋਂ ਵੀ ਇੱਕ ਹਨ।
- ਡਿਕਸ ਬ੍ਰਿਟਿਸ਼ ਇੰਸਟੀਚਿਊਟ ਆਫ਼ ਇਨਵੈਸਟੀਗੇਟਰਜ਼ ਵਿੱਚ ਬੈਰਿਸਟਰ ਵੀ ਹਨ।
- ਇੰਜੀਨੀਅਰਿੰਗ, ਭੂ-ਵਿਗਿਆਨ, ਕਾਨੂੰਨ ਤੇ ਜੋਖਮ ਪ੍ਰਬੰਧਨ ਮਾਮਲਿਆਂ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ।
- ਸਾਲ 2022 ‘ਚ ਉਨ੍ਹਾਂ ਨੂੰ ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ ਆਫ ਅਮਰੀਕਾ ਵੱਲੋਂ ਕਮੇਟੀ ਸਰਵਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
- ਮੰਗਲਵਾਰ ਨੂੰ ਜਦੋਂ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਅਰਨੋਲਡ ਡਿਕਸ ਨੇ ਸੁਰੰਗ ਦੇ ਨੇੜੇ ਮੌਜੂਦ ਭਗਵਾਨ ਬੌਖ ਨਾਗ ਦੇਵਤਾ ਦੀ ਪੂਜਾ ‘ਚ ਹਿੱਸਾ ਲਿਆ।
ਸਾਰੇ 41 ਮਜ਼ਦੂਰਾਂ ਨੂੰ ਐਂਬੂਲੈਂਸ ਰਾਹੀਂ ਚਿਨਿਆਲੀਸੌਰ ਹਸਪਤਾਲ ਲਿਜਾਇਆ ਗਿਆ।


