ਜਾ.ਸ, ਅਯੁੱਧਿਆ : ਅਯੁੱਧਿਆ ਰਾਮ ਮੰਦਰ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਹੋ ਚੁੱਕਾ ਹੈ। 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਤਿਆਰੀਆਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸ਼ਾਨਦਾਰ ਸਮਾਗਮ ‘ਚ ਪੀਐੱਮ ਮੋਦੀ ਸਮੇਤ ਦੇਸ਼ ਦੇ ਹਜ਼ਾਰਾਂ ਸੰਤ ਅਤੇ ਸ਼ਰਧਾਲੂ ਹਿੱਸਾ ਲੈਣਗੇ। ਸਮਾਗਮ ਲਈ ਸੱਦਾ ਪੱਤਰ ਵੀ ਤਿਆਰ ਕਰ ਲਏ ਗਏ ਹਨ ਅਤੇ ਡਾਕ ਰਾਹੀਂ ਭੇਜੇ ਜਾ ਰਹੇ ਹਨ। ਸਮਾਗਮ ਵਿੱਚ ਸ਼ਾਮਲ ਹੋਣ ਲਈ ਕੁੱਲ 6 ਹਜ਼ਾਰ ਲੋਕਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਵੱਲੋਂ ਭੇਜੇ ਜਾ ਰਹੇ ਸੱਦਾ ਪੱਤਰ ਦੇਸ਼ ਭਰ ਵਿੱਚ ਵਸਦੇ ਸੰਤਾਂ ਅਤੇ ਆਸ਼ਰਮਾਂ ਨੂੰ ਭੇਜੇ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ, ਉਨ੍ਹਾਂ ਨੂੰ ਪਵਿੱਤਰ ਸਮਾਗਮ ਤੋਂ ਇਕ ਦਿਨ ਪਹਿਲਾਂ ਅਯੁੱਧਿਆ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸੱਦਾ ਪੱਤਰ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਸ਼ਾਮਲ ਹੋਣ ਵਾਲੇ ਲੋਕ 23 ਜਨਵਰੀ ਤੋਂ ਬਾਅਦ ਹੀ ਵਾਪਸ ਆਉਣ ਦੀ ਯੋਜਨਾ ਬਣਾਉਣ।

ਸੱਦਾ ਪੱਤਰ ‘ਚ ਕੀ ਲਿਖਿਆ?

ਪ੍ਰਾਣ ਪ੍ਰਤਿਸ਼ਠਾ ਸਮਾਗਮ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਅਯੁੱਧਿਆ ਪਹੁੰਚਣ ਦੀ ਉਮੀਦ ਹੈ। ਇਸ ਸਬੰਧੀ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਸੱਦਾ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਹਾਜ਼ਰੀ ਭਰਨ ਲਈ ਆ ਰਿਹਾ ਹੈ, ਉਹ ਜਲਦੀ ਤੋਂ ਜਲਦੀ ਆਉਣ। ਕਾਰਡ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਦੇਰੀ ਨਾਲ ਪਹੁੰਚਣ ਨਾਲ ਸਮੱਸਿਆ ਹੋ ਸਕਦੀ ਹੈ।

ਦੱਸ ਦਈਏ ਕਿ ਰਾਮ ਮੰਦਰ ਦੀ ਉਸਾਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਮੰਦਿਰ ਦੀ ਪਹਿਲੀ ਮੰਜ਼ਿਲ ਤਾਂ ਬਣ ਚੁੱਕੀ ਹੈ ਪਰ ਫਿਨਿਸ਼ਿੰਗ ਦਾ ਕੰਮ ਅਜੇ ਚੱਲ ਰਿਹਾ ਹੈ। ਮੰਦਰ ਦੀ ਉਸਾਰੀ ਦਾ ਕੰਮ ਪਵਿੱਤਰ ਰਸਮ ਤੋਂ ਬਾਅਦ ਵੀ ਜਾਰੀ ਰਹੇਗਾ।