ਜਾਗਰਣ ਬਿਊਰੋ, ਨਵੀਂ ਦਿੱਲੀ : ਵਪਾਰ ਕਰਨ ਵਾਲਿਆਂ ਨੂੰ ਹੁਣ ਅਮਰੀਕੀ ਵੀਜ਼ਾ ਪਹਿਲਾਂ ਤੋਂ ਘੱਟ ਸਮੇਂ ’ਚ ਮਿਲ ਜਾਇਆ ਕਰੇਗਾ। ਅਪ੍ਰੈਲ ਤੋਂ ਇਸ ਸਬੰਧੀ ਨਵੀਂ ਵਿਵਸਥਾ ਲਾਗੂ ਹੋ ਸਕਦੀ ਹੈ। ਉਧਰ ਐੱਚ1ਬੀ ਵੀਜ਼ੇ (H1B Visa) ’ਤੇ ਅਮਰੀਕਾ ’ਚ ਕੰਮ ਕਰਨ ਵਾਲੇ ਪ੍ਰਫੈਸ਼ਨਲਜ਼ ਦੇ ਪਰਿਵਾਰਾਂ ਨੂੰ ਵੀ ਅਮਰੀਕਾ ’ਚ ਹੀ ਵੀਜ਼ਾ ਨਵਿਆਉਣ ਦੀ ਸਹੂਲਤ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ (Piyush Goyal) ਤੇ ਅਮਰੀਕਾ ਦੀ ਵਪਾਰ ਮੰਤਰੀ ਕੈਥਰੀਨਾ ਤਾਈ ਦੀ ਅਗਵਾਈ ’ਚ ਨਵੀਂ ਦਿੱਲੀ ’ਚ ਯੂਐੱਸ-ਇੰਡੀਆ ਟਰੇਡ ਪਾਲਿਸੀ ਫੋਰਮ (US India Trade Policy Fourm) ਦੀ ਮੀਟਿੰਗ ਕੀਤੀ ਗਈ ਤੇ ਇਸ ਵਿਚ ਇਨ੍ਹਾਂ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ।

ਸ਼ਨਿਚਰਵਾਰ ਨੂੰ ਪੀਯੂਸ਼ ਗੋਇਲ ਨੇ ਦੱਸਿਆ ਕਿ ਮੌਜੂਦਾ ਸਮੇਂ ਈ-1 ਤੇ ਈ-2 ਵੀਜ਼ਾ ਮਿਲਣ ’ਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਦੇ ਸਮੇਂ ਨੂੰ ਘੱਟ ਕਰਨ ਦੀ ਮੰਗ ਅਮਰੀਕਾ ਸਾਹਮਣੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਅਪ੍ਰੈਲ ਤੋਂ ਵੀਜ਼ਾ ਪਹਿਲਾਂ ਵਾਂਗ ਘੱਟ ਸਮੇਂ ’ਚ ਮਿਲਣ ਲੱਗੇਗਾ। ਵਿਦਿਆਰਥੀ ਵੀਜ਼ੇ ’ਚ ਪਹਿਲਾਂ ਹੀ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਚ1ਬੀ ਵੀਜ਼ੇ ਦੇ ਪ੍ਰੋਫੈਸ਼ਨਲਜ਼ ਨੂੰ ਵੀਜ਼ਾ ਨਵਿਆਉਣ ਲਈ ਹੁਣ ਭਾਰਤ ਨਹੀਂ ਆਉਣਾ ਪੈਂਦਾ ਪਰ ਇਹ ਸਹੂਲਤ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਹੈ। ਭਾਰਤ ਨੇ ਅਮਰੀਕਾ ਸਾਹਮਣੇ ਪ੍ਰੋਫੈਸ਼ਨਜ਼ ਦੇ ਪਰਿਵਾਰਾਂ ਨੂੰ ਵੀ ਇਹ ਸਹੂਲਤ ਦੇਣ ਦੀ ਮੰਗ ਰੱਖੀ ਸੀ ਤੇ ਇਸ ’ਤੇ ਅਮਰੀਕਾ ਨੇ ਹਾਂ-ਪੱਖੀ ਭਰੋਸਾ ਦਿੱਤਾ ਹੈ।

ਵਣਜ ਸਕੱਤਰ ਸੁਨੀਲ ਬਰਥਵਾਲ ਨੇ ਦੱਸਿਆ ਕਿ ਫੋਰਮ ਦੀ ਮੀਟਿੰਗ ’ਚ ਦੋਵਾਂ ਦੇਸ਼ਾਂ ਦੀ ਸਰਕਾਰੀ ਖ਼ਰੀਦਦਾਰੀ ’ਚ ਇਕ-ਦੂਜੇ ਦੀ ਹਿੱਸੇਦਾਰੀ ਵਧਾਉਣ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਅਮਰੀਕਾ ਦੀ ਸਰਕਾਰੀ ਖ਼ਰੀਦ ’ਚ ਭਾਰਤ ਦੀ ਹਿੱਸੇਦਾਰੀ ਹੋਣ ਨਾਲ ਸਾਡੀ ਬਰਾਮਦ ’ਚ ਕਾਫ਼ੀ ਵਾਧਾ ਹੋ ਸਕਦਾ ਹੈ। ਹਾਲਾਂਕਿ ਇਸ ਬਦਲੇ ਅਮਰੀਕਾ ਨੂੰ ਵੀ ਭਾਰਤ ’ਚ ਸਰਕਾਰੀ ਖ਼ਰੀਦ ਦਾ ਮੌਕਾ ਦੇਣਾ ਹੋਵੇਗਾ।

ਕੀ ਹੈ ਈ-1, ਈ-2 ਵੀਜ਼ਾ

ਅਮਰੀਕੀ ਦਰਮਾਦ-ਬਰਾਮਦ ਨਾਲ ਜੁੜੇ ਕਾਰੋਬਾਰੀਆਂ ਨੂੰ ਈ-1 ਵੀਜ਼ੇ ਦੀ ਲੋੜ ਹੁੰਦੀ ਹੈ। ਅਮਰੀਕਾ ’ਚ ਨਿਵੇਸ਼ ਦੇ ਆਧਾਰ ’ਤੇ ਕੰਮ ਕਰਨ ਵਾਲਿਆਂ ਨੂੰ ਈ-2 ਵੀਜ਼ੇ ਦੀ ਲੋੜ ਹੁੰਦੀ ਹੈ। ਫ਼ਿਲਹਾਲ ਇਹ ਵੀਜ਼ਾ ਮਿਲਣ ’ਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ।