ਪੀਟੀਆਈ, ਪਣਜੀ : ਚਾਰ ਸਾਲ ਦੇ ਬੇਟੇ ਦੇ ਕਤਲ ਦੀ ਦੋਸ਼ੀ ਮਾਂ ਸੂਚਨਾ ਸੇਠ ਤੋਂ ਗੋਆ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਕਤਲ ਰਹੱਸ ਨੂੰ ਲੈ ਕੇ ਪੁਲਿਸ ਨੇ ਅੱਜ ਕੁਝ ਖੁਲਾਸੇ ਕੀਤੇ। ਗੋਆ ਪੁਲਿਸ ਨੇ ਦੱਸਿਆ ਕਿ ਜਿਸ ਕਮਰੇ ‘ਚ ਦੋਸ਼ੀ ਮਾਂ ਨੇ ਆਪਣੇ ਬੇਟੇ ਦਾ ਕਤਲ ਕੀਤਾ, ਉੱਥੋਂ ਕਫ ਸਿਰਪ ਦੀਆਂ ਦੋ ਬੋਤਲਾਂ ਮਿਲੀਆਂ। ਪੁਲਿਸ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਇਹ ਇੱਕ ਯੋਜਨਾਬੱਧ ਕਤਲ ਸੀ। ਅਧਿਕਾਰੀਆਂ ਮੁਤਾਬਿਕ ਪੋਸਟ ਮਾਰਟਮ ਤੋਂ ਪਤਾ ਲੱਗਿਆ ਹੈ ਕਿ ਬੱਚੇ ਦੀ ਹੱਤਿਆ ਕੱਪੜੇ ਜਾਂ ਸਿਰਹਾਣੇ ਨਾਲ ਦਮ ਘੁੱਟ ਕੇ ਕੀਤੀ ਗਈ ਹੈ।

ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ : ਪੁਲਿਸ

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਰਵਿਸ ਅਪਾਰਟਮੈਂਟ ਦੇ ਕਮਰੇ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਦੋ ਕਫ ਸਿਰਪ ਦੀਆਂ ਬੋਤਲਾਂ (ਇੱਕ ਵੱਡੀ ਅਤੇ ਦੂਜੀ ਛੋਟੀ) ਮਿਲੀਆਂ। ਉਨ੍ਹਾਂ ਕਿਹਾ, ‘ਲਾਸ਼ ਦੇ ਪੋਸਟਮਾਰਟਮ ਤੋਂ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੋ ਸਕਦੀ ਹੈ।’ ਅਧਿਕਾਰੀ ਨੇ ਕਿਹਾ, ‘ਅਸੀਂ ਇਸ ਸੰਭਾਵਨਾ ਦੀ ਜਾਂਚ ਕਰ ਰਹੇ ਹਾਂ ਕਿ ਕੀ ਔਰਤ ਨੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਉਸ ਨੂੰ ਖੰਘ ਦੇ ਸਿਰਪ ਦੀ ਖ਼ੁਰਾਕ ਦਿੱਤੀ ਸੀ।’

ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, ‘ਸਰਵਿਸ ਅਪਾਰਟਮੈਂਟ ਦੇ ਸਟਾਫ਼ ਨਾਲ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਔਰਤ ਨੇ ਉਨ੍ਹਾਂ ਨੂੰ ਖੰਘ ਹੋਣ ਦਾ ਦਾ ਦਾਅਵਾ ਕਰਦਿਆਂ ਕਫ ਸਿਰਪ ਦੀ ਛੋਟੀ ਬੋਤਲ ਖਰੀਦਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਵੱਡੀ ਬੋਤਲ ਉਹ ਆਪਣੇ ਨਾਲ ਲੈ ਗਈ ਹੋਵੇ।’

ਔਰਤ ਦੀ ਥਿਊਰੀ ਤੋਂ ਪੁਲਿਸ ਅਸਹਿਮਤ

ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਸ ਅਪਰਾਧ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਜਦੋਂ ਸੌਂ ਕੇ ਉੱਠੀ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਸੀਨੀਅਰ ਪੁਲਿਸ ਅਧਿਕਾਰੀ ਨੇ ਮਹਿਲਾ ਦੀ ਥਿਊਰੀ ਨਾਲ ਅਸਹਿਮਤੀ ਪ੍ਰਗਟਾਈ ਹੈ। ਅਗਲੇਰੀ ਜਾਂਚ ਤੋਂ ਬਾਅਦ ਬੱਚੇ ਦੇ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਹੁਣ ਤੱਕ ਅਸੀਂ ਜਾਣਦੇ ਹਾਂ ਕਿ ਔਰਤ ਅਤੇ ਉਸ ਦਾ ਪਤੀ ਅਲੱਗ ਸਨ। ਔਰਤ ਨਹੀਂ ਚਾਹੁੰਦੀ ਸੀ ਕਿ ਉਸ ਦਾ ਪੁੱਤ ਆਪਣੇ ਪਿਤਾ ਨੂੰ ਮਿਲੇ। ਸੇਠ ਨੇ 6 ਜਨਵਰੀ ਨੂੰ ਸਰਵਿਸ ਅਪਾਰਟਮੈਂਟ ਵਿਚ ਚੈੱਕਇਨ ਕੀਤਾ ਤੇ ਟੈਕਸੀ ਰਾਹੀਂ ਬੈਂਗਲੁਰੂ ਲਈ ਰਵਾਨਾ ਹੋਣ ਤੋਂ ਪਹਿਲਾਂ 8 ਜਨਵਰੀ ਤੱਕ ਉੱਥੇ ਰੁਕੀ ਸੀ।

ਬੱਚੇ ਦਾ ਗਲਾ ਘੁੱਟ ਕੇ ਕੀਤੀ ਗਈ ਹੋਵੇਗੀ ਹੱਤਿਆ : ਡਾਕਟਰ

ਬੱਚੇ ਦੇ ਪਿਤਾ ਵੈਂਕਟ ਰਮਨ ਜੋ ਕਿ ਜਕਾਰਤਾ (ਇੰਡੋਨੇਸ਼ੀਆ) ਵਿਚ ਸਨ, ਮੰਗਲਵਾਰ ਰਾਤ ਨੂੰ ਚਿਤਰਦੁਰਗਾ ਦੇ ਹਿਰਿਯੂਰ ਪਹੁੰਚੇ ਅਤੇ ਪੋਸਟਮਾਰਟਮ ਤੋਂ ਬਾਅਦ ਆਪਣੇ ਪੁੱਤਰ ਦੀ ਲਾਸ਼ ਲੈ ਗਏ। ਹਿਰਿਯੂਰ ਤਾਲੁਕ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਡਾਕਟਰ ਕੁਮਾਰ ਨਾਇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ। ਹਾਲਾਂਕਿ ਅਜਿਹਾ ਨਹੀਂ ਲੱਗਦਾ ਕਿ ਬੱਚੇ ਦਾ ਹੱਥਾਂ ਨਾਲ ਗਲਾ ਘੁੱਟਿਆ ਗਿਆ ਹੋਵੇਗਾ। ਸਿਰਹਾਣੇ ਜਾਂ ਕਿਸੇ ਹੋਰ ਸਮੱਗਰੀ ਨਾਲ ਬੱਚੇ ਦਾ ਗਲਾ ਘੁੱਟਿਆ ਗਿਆ ਹੋਵੇਗਾ।

ਕਰਨਾਟਕ ਦੇ ਚਿਤਰਦੁਰਗਾ ਤੋਂ ਔਰਤ ਨੂੰ ਕੀਤਾ ਗ੍ਰਿਫਤਾਰ

ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਸੂਚਨਾ ਸੇਠ ਨੇ ਕਥਿਤ ਤੌਰ ‘ਤੇ ਗੋਆ ਦੇ ਕੈਂਡੋਲਿਮ ਸਥਿਤ ਅਪਾਰਟਮੈਂਟ ‘ਚ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਲਾਸ਼ ਨੂੰ ਬੈਗ ‘ਚ ਪਾ ਕੇ ਟੈਕਸੀ ‘ਚ ਕਰਨਾਟਕ ਲੈ ਗਈ। ਉਸ ਨੂੰ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿਤਰਦੁਰਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੰਗਲਵਾਰ ਨੂੰ ਗੋਆ ਲਿਆਂਦਾ ਗਿਆ।