ਦੱਖਣੀ ਅਫਰੀਕਾ ਲਈ 101 ਟੈਸਟ ਮੈਚਾਂ ਵਿਚ 390 ਅਤੇ 173 ਵਨਡੇ ਮੈਚਾਂ ਵਿਚ 266 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮਖਾਯਾ ਨਤੀਨੀ ਨੇ ਭਾਰਤੀ ਟੀਮ ਦੇ ਹੁਣ ਤੱਕ ਇੱਥੇ ਟੈਸਟ ਸੀਰੀਜ਼ ਨਾ ਜਿੱਤਣ ਦੇ ਕਾਰਨਾਂ ਦਾ ਪਰਦਾ ਚੁੱਕਿਆ ਹੈ। ਸੈਂਚੁਰੀਅਨ ’ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਰਹੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਦੱਖਣੀ ਅਫਰੀਕਾ ’ਚ ਟੈਸਟ ਸੀਰੀਜ਼ ਜਿੱਤਣ ਲਈ ਕਈ ਅਭਿਆਸ ਮੈਚ ਖੇਡਣੇ ਜ਼ਰੂਰੀ ਹੁੰਦੇ ਹਨ ਤਾਂ ਕਿ ਤੁਸੀਂ ਇੱਥੋਂ ਦੇ ਹਾਲਾਤਾਂ ਵਿਚ ਢਲ ਸਕੋ। ਅਭਿਸ਼ੇਕ ਤ੍ਰਿਪਾਠੀ ਨੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਨੂੰ ਲੈ ਕੇ ਮਖਾਯਾ ਨਤੀਨੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਕੁਝ ਮੁੱਖ ਅੰਸ਼ :

————

ਕੀ ਕਾਰਨ ਹੈ ਕਿ ਭਾਰਤੀ ਟੀਮ ਦੱਖਣੀ ਅਫਰੀਕਾ ਵਿਚ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ ਹੈ?

ਮੇਰਾ ਮੰਨਣਾ ਹੈ ਕਿ ਦੱਖਣੀ ਅਫ਼ਰੀਕਾ ਦੀਆਂ ਪਿੱਚਾਂ ਬਿਲਕੁਲ ਵੱਖਰੀਆਂ ਹਨ, ਇੱਥੋਂ ਦਾ ਮਾਹੌਲ ਭਾਰਤ ਵਿਚ ਜਿਸ ਤਰ੍ਹਾਂ ਦੀ ਵਿਕਟਾਂ ਮਿਲਦੀ ਹੈ ਉਸ ਤੋਂ ਵੱਖਰੀ ਹੈ। ਦੱਖਣੀ ਅਫਰੀਕਾ ਵਿਚ ਜੋ ਵੀ ਟੀਮਾਂ ਆਉਂਦੀਆਂ ਹਨ, ਉਨ੍ਹਾਂ ਨੂੰ ਬਹੁਤ ਤਿਆਰੀ ਦੀ ਲੋੜ ਹੁੰਦੀ ਹੈ। ਤੁਹਾਨੂੰ ਇੱਥੋਂ ਦੀਆਂ ਸਥਿਤੀਆਂ ਦੇ ਅਨੁਕੂਲ ਹੋਣ ਲਈ ਵੱਧ ਤੋਂ ਵੱਧ ਅਭਿਆਸ ਮੈਚ ਖੇਡਣ ਦੀ ਜ਼ਰੂਰਤ ਹੈ ਪਰ ਜ਼ਿਆਦਾਤਰ ਟੀਮਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਇਸ ਦੇ ਨਾਲ ਹੀ ਗੇਂਦਬਾਜ਼ਾਂ ਨੂੰ ਸਹੀ ਲਾਈਨ-ਲੈਂਥ ਦੀ ਜਾਂਚ ਕਰਨੀ ਹੁੰਦੀ ਹੈ ਕਿ ਉਨ੍ਹਾਂ ਨੇ ਕਿਸ ਲੈਂਥ ਜਾਂ ਲਾਈਨ ’ਤੇ ਗੇਂਦ ਨੂੰ ਗੇਂਦਬਾਜ਼ੀ ਕਰਨੀ ਹੈ। ਇਹ ਅਭਿਆਸ ਮੈਚ ਖੇਡੇ ਬਿਨਾਂ ਨਹੀਂ ਹੋ ਸਕਦਾ। ਜੇਕਰ ਮੈਂ ਜਸਪ੍ਰੀਤ ਬੁਮਰਾਹ ਜਾਂ ਮੁਹੰਮਦ ਸਿਰਾਜ ਹੁੰਦਾ ਤਾਂ ਮੈਂ ਕਾਗਿਸੋ ਰਬਾਡਾ ਦੀ ਗੇਂਦਬਾਜ਼ੀ ਨੂੰ ਧਿਆਨ ਨਾਲ ਦੇਖਦਾ ਅਤੇ ਆਪਣੀ ਗੇਂਦਬਾਜ਼ੀ ’ਚ ਇਸ ਦਾ ਫਾਇਦਾ ਉਠਾਉਂਦਾ। ਮੈਂ ਉਸਦਾ ਅਭਿਆਸ ਕਰਦਾ। ਉਹ ਲਾਈਨ ਲੈਂਥ ਇੱਥੇ ਵਧੇਰੇ ਕਾਰਗਰ ਹੋਵੇਗੀ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਵੀ ਇੱਥੇ ਲਾਈਨ ਲੈਂਥ ’ਤੇ ਸੰਘਰਸ਼ ਕਰਦੇ ਹਨ। ਜੇਕਰ ਤੁਸੀਂ ਸਹੀ ਲੈਂਥ ’ਤੇ ਗੇਂਦਬਾਜ਼ੀ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਮੁਸ਼ਕਲ ਵਿਚ ਪਾ ਸਕਦੇ ਹੋ।

– ਤੁਸੀਂ ਜਵਾਗਲ ਸ਼੍ਰੀਨਾਥ, ਵੈਂਕਟੇਸ਼ ਪ੍ਰਸਾਦ ਵਰਗੇ ਗੇਂਦਬਾਜ਼ਾਂ ਨਾਲ ਖੇਡ ਚੁੱਕੇ ਹੋ। ਤੁਸੀਂ ਭਾਰਤੀ ਗੇਂਦਬਾਜ਼ਾਂ ਦੀ ਮੌਜੂਦਾ ਪੀੜ੍ਹੀ ਨੂੰ ਕਿਵੇਂ ਦੇਖਦੇ ਹੋ?

ਜੇਕਰ ਮੈਂ ਅੱਜ ਦੇ ਭਾਰਤੀ ਗੇਂਦਬਾਜ਼ੀ ਹਮਲੇ ਦੀ ਪੁਰਾਣੇ ਗੇਂਦਬਾਜ਼ਾਂ ਨਾਲ ਤੁਲਨਾ ਕਰਾਂ ਤਾਂ ਉਦੋਂ ਭਾਰਤ ਕੋਲ ਬਹੁਤੇ ਤੇਜ਼ ਗੇਂਦਬਾਜ਼ ਨਹੀਂ ਹੁੰਦੇ ਸੀ। ਟੀਮ ’ਚ ਮੁੱਖ ਤੌਰ ’ਤੇ ਸਿਰਫ ਦੋ ਤੇਜ਼ ਗੇਂਦਬਾਜ਼ ਹੁੰਦੇ ਸੀ ਤੇ ਬਾਕੀ ਸਪਿੰਨਰ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਭਾਰਤ ਕੋਲ ਤੇਜ਼ ਗੇਂਦਬਾਜ਼ਾਂ ਦੀ ਫੌਜ ਹੈ। ਉਸ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਸਿਰਾਜ ਵਰਗੇ ਕਈ ਮਹਾਨ ਗੇਂਦਬਾਜ਼ ਹਨ। ਹੁਣ ਭਾਰਤੀ ਗੇਂਦਬਾਜ਼ੀ ਕਾਫੀ ਅੱਗੇ ਨਿਕਲ ਗਈ ਹੈ।

– ਹਾਲ ਹੀ ’ਚ ਐਲਨ ਡੋਨਾਲਡ ਨੇ ਕਿਹਾ ਸੀ ਕਿ ਦੱਖਣੀ ਅਫਰੀਕਾ ਦਾ ਹਰ ਬੱਚਾ ਜਸਪ੍ਰੀਤ ਬੁਮਰਾਹ ਨੂੰ ਪਿਆਰ ਕਰਦਾ ਹੈ। ਤੁਹਾਡੇ ਖ਼ਿਆਲ ਵਿਚ ਉਹ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਜੋ ਉਨ੍ਹਾਂ ਨੂੰ ਇੰਨੇ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ?

– ਮੈਂ ਹਮੇਸ਼ਾ ਕਿਹਾ ਹੈ ਕਿ ਬੁਮਰਾਹ ਜਿਸ ਤਰ੍ਹਾਂ ਨਾਲ ਗੇਂਦ ਨੂੰ ਰਿਲੀਜ਼ ਕਰਦਾ ਹੈ, ਉਹ ਉਸ ਨੂੰ ਬਹੁਤ ਖਾਸ ਬਣਾਉਂਦਾ ਹੈ। ਉਹ ਗੇਂਦ ਨੂੰ ਆਪਣੇ ਸਿਰ ਦੇ ਉੱਪਰੋਂ ਸੁੱਟਦਾ ਹੈ, ਜਿਸ ਨਾਲ ਉਸਨੂੰ ਇਕ ਕੋਣ ਮਿਲਦਾ ਹੈ ਅਤੇ ਉਹ ਗੇਂਦ ਪਿੱਛੇ ਵੱਲ ਕਰਾ ਸਕਦਾ ਹੈ। ਇਸ ਕਾਰਨ ਬੱਲੇਬਾਜ਼ਾਂ ਨੂੰ ਖੇਡਣ ’ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦਾ ਹੁਨਰ ਇਹ ਹੈ ਕਿ ਉਹ ਗੇਂਦ ਨੂੰ ਦੋਵੇਂ ਪਾਸੇ ਲਿਜਾ ਸਕਦਾ ਹੈ। ਉਸ ਦਾ ਗੁੱਟ ਬਹੁਤ ਮਜ਼ਬੂਤ ਹੈ, ਜਿਸ ਕਾਰਨ ਗੇਂਦ ਨੂੰ ਛੱਡਣਾ ਬਹੁਤ ਆਸਾਨ ਹੋ ਜਾਂਦਾ ਹੈ। ਉਹ ਇਸ ਸਮੇਂ ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਹੈ। ਇਮਾਨਦਾਰੀ ਨਾਲ ਕਹਾਂ ਤਾਂ ਉਹ ਇਸ ਸਮੇਂ ਸਭ ਤੋਂ ਵਧੀਆ ਗੇਂਦਬਾਜ਼ ਹੈ। ਅਸੀਂ ਬੁਮਰਾਹ ਤੋਂ ਬਿਨਾਂ ਮੌਜੂਦਾ ਭਾਰਤੀ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਜਿਸ ਤਰ੍ਹਾਂ ਦੁਨੀਆ ’ਚ ਟੀ-20 ਲੀਗ ਵਧ ਰਹੀਆਂ ਹਨ। ਕੀ ਆਉਣ ਵਾਲੇ ਅੱਠ ਤੋਂ 10 ਸਾਲਾਂ ਵਿਚ ਸਾਨੂੰ ਟੈਸਟ ਖੇਡਣ ਵਾਲੇ ਗੇਂਦਬਾਜ਼ਾਂ ਦੀ ਕਮੀ ਦਿੱਖ ਸਕਦੀ ਹੈ?

–ਇਹ ਕਾਫ਼ੀ ਔਖਾ ਹੈ। ਮੈਨੂੰ ਲੱਗਦਾ ਹੈ ਕਿ ਇਹ ਗੇਂਦਬਾਜ਼ਾਂ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਟੈਸਟ ਮੈਚ ਖੇਡਣਾ ਚਾਹੁੰਦੇ ਹਨ ਜਾਂ ਨਹੀਂ। ਜਦੋਂ ਅਸੀਂ ਛੋਟੇ ਸੀ, ਅਸੀਂ ਟੈਸਟ ਮੈਚ ਖੇਡਣਾ ਚਾਹੁੰਦੇ ਸੀ ਕਿਉਂਕਿ ਇਹ ਕ੍ਰਿਕਟ ਦਾ ਅਸਲੀ ਰੂਪ ਹੈ। ਵਨਡੇ ਅਤੇ ਟੀ-20 ਛੋਟੇ ਫਾਰਮੈਟ ਹਨ। ਤੁਹਾਨੂੰ ਵਨਡੇ ਵਿਚ 10 ਓਵਰ ਕਰਨੇ ਪੈਂਦੇ ਹਨ ਅਤੇ ਕਈ ਵਾਰ ਤੁਸੀਂ ਬਹੁਤ ਮਹਿੰਗੇ ਸਾਬਤ ਹੁੰਦੇ ਹੋ। ਤੁਸੀਂ ਬਹੁਤ ਸਾਰੀਆਂ ਦੌੜਾਂ ਦਿੰਦੇ ਹੋ, ਪਰ ਟੈਸਟ ਮੈਚ ਵਿਚ ਅਜਿਹਾ ਨਹੀਂ ਹੁੰਦਾ। ਉੱਥੇ ਤੁਹਾਡੇ ਕੋਲ ਵਾਪਸੀ ਕਰਨ ਦਾ ਮੌਕਾ ਹੁੰਦਾ ਹੈ। ਤੁਹਾਡੀ ਅਸਲੀ ਪ੍ਰੀਖਿਆ ਇਕ ਟੈਸਟ ਮੈਚ ਵਿਚ ਹੁੰਦੀ ਹੈ। ਤੁਹਾਡੀ ਫਿਟਨੈਸ ਦੀ ਜਾਂਚ ਕੀਤੀ ਜਾਂਦੀ ਹੈ। ਵਨਡੇ ਵਿਚ ਛੇ ਓਵਰ ਕਰੋਂ ਜਾਂ ਟੀ-20 ਵਿਚ ਦੋ ਓਵਰ ਕਰੋ ਤਾਂ ਵੀ ਚੱਲਦਾ ਹੈ।

-ਤੁਸੀਂ ਐਲਨ ਡੋਨਾਲਡ, ਡੇਲ ਸਟੇਨ ਅਤੇ ਮਖਾਯਾ ਵਰਗੇ ਮਹਾਨ ਗੇਂਦਬਾਜ਼ਾਂ ਦੀ ਲੀਗ ਵਿਚ ਕਾਗਿਸੋ ਰਬਾਡਾ ਨੂੰ ਕਿੱਥੇ ਦੇਖਦੇ ਹੋ?

–ਮੈਨੂੰ ਲੱਗਦਾ ਹੈ ਕਿ ਰਬਾਡਾ ਸਾਡੇ ਤਿੰਨਾਂ ਦਾ ਮਿਸ਼ਰਣ ਹੈ। ਉਹ 300 ਟੈਸਟ ਵਿਕਟਾਂ ਲੈਣ ਦੇ ਰਾਹ ’ਤੇ ਹੈ ਅਤੇ ਉਹ ਇਕ ਸ਼ਾਨਦਾਰ ਗੇਂਦਬਾਜ਼ ਹੈ ਪਰ ਜਦੋਂ ਤੁਹਾਨੂੰ ਇਕ ਸਾਲ ’ਚ ਸਿਰਫ ਦੋ ਟੈਸਟ ਮੈਚ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਮੁਸ਼ਕਲ ਹੁੰਦੀ ਹੈ। ਸਾਡੇ ਸਮਿਆਂ ਵਿਚ ਜ਼ਿਆਦਾ ਟੈਸਟ ਹੁੰਦੇ ਸੀ। ਇਹੀ ਕਾਰਨ ਹੈ ਕਿ ਰਬਾਡਾ ਨੇ ਹੁਣ ਤੱਕ ਸਿਰਫ 61 ਟੈਸਟ ਹੀ ਖੇਡੇ ਹਨ।

ਗੇਰਾਲਡ ਕੋਏਟਜ਼ੀ ਨੂੰ ਆਈਪੀਐੱਲ ਨਿਲਾਮੀ ਵਿਚ ਵੱਡੀ ਰਕਮ ਮਿਲੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਇਹ ਉਸ ਦਾ ਮਹੱਤਵ ਤੈਅ ਕਰਨ ਵਿਚ ਮੁਸ਼ਕਲ ਪੈਦਾ ਕਰ ਸਕਦਾ ਹੈ?

— ਮੈਨੂੰ ਨਹੀਂ ਲਗਦਾ। ਜੇਕਰ ਕਾਗਿਸੋ ’ਤੇ ਨਜ਼ਰ ਮਾਰੀਏ ਤਾਂ ਉਹ ਕਿੰਨੇ ਸਾਲਾਂ ਤੋਂ ਆਈਪੀਐੱਲ ’ਚ ਖੇਡ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਰਾਸ਼ਟਰੀ ਟੀਮ ’ਚ ਵੀ ਖੇਡਦਾ ਹੈ। ਜੇ ਇਸ ਮੌਕੇ ’ਤੇ ਕੋਏਟਜ਼ੀ ਨੂੰ ਲੱਗਦਾ ਹੈ ਕਿ ਪੈਸਿਆਂ ਦੇ ਚੱਲਦੇ ਆਪਣਾ ਮਹੱਤਵ ਤੈਅ ਕਰਨਾ ਹੈ, ਤਾਂ ਉਹ ਗਲਤ ਹੋਵੇਗਾ। ਕਿਉਂਕਿ ਰਾਸ਼ਟਰੀ ਟੀਮ ਲਈ ਖੇਡਣਾ ਅਤੇ ਟੈਸਟ ਮੈਚ ਖੇਡਣ ਨਾਲ ਤੁਹਾਨੂੰ ਖੇਡ ਨੂੰ ਸਮਝਣ ਵਿਚ ਬਹੁਤ ਮਦਦ ਮਿਲਦੀ ਹੈ। ਇੱਕ ਟੈਸਟ ਮੈਚ ਵਿਚ ਤੁਹਾਡੇ ਕੋਲ ਪੰਜ ਦਿਨ ਹੁੰਦੇ ਹਨ ਅਤੇ ਤੁਹਾਨੂੰ ਸਹੀ ਖੇਤਰਾਂ ਵਿਚ ਗੇਂਦਬਾਜ਼ੀ ਕਰਨੀ ਪੈਂਦੀ ਹੈ। ਇਸ ਨਾਲ ਤੁਹਾਡੀ ਗੇਂਦਬਾਜ਼ੀ ਵਿਚ ਇਕਸਾਰਤਾ ਆਉਂਦੀ ਹੈ।

– ਤੁਹਾਡਾ ਬੇਟਾ ਥਾਂਡੋ ਵੀ ਦੱਖਣੀ ਅਫਰੀਕਾ ਲਈ ਅੰਡਰ-19 ਕ੍ਰਿਕਟ ਖੇਡ ਚੁੱਕਾ ਹੈ? ਤੁਸੀਂ ਇਸਨੂੰ ਕਿਵੇਂ ਦੇਖਦੇ ਹੋ?

– ਥਾਂਡੋ ਨੇ ਅੰਡਰ-19 ਵਿਸ਼ਵ ਕੱਪ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਬਾਅਦ ਉਹ ਤਿੰਨ ਸੂਬਿਆਂ ਲਈ ਖੇਡ ਚੁੱਕਾ ਹੈ। ਉਸਨੇ ਪੱਛਮੀ ਸੂਬੇ ਲਈ ਆਪਣੀ ਸ਼ੁਰੂਆਤ ਕੀਤੀ। ਉਹ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇੱਕ ਪਿਤਾ ਦੇ ਤੌਰ ’ਤੇ ਉਸ ਨੂੰ ਦੇਖਣਾ ਬਹੁਤ ਵਧੀਆ ਹੈ ਪਰ ਨਾਲ ਹੀ ਮੈਂ ਉਸ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਣਾ ਚਾਹੁੰਦਾ। ਮੈਂ ਉਸ ਨੂੰ ਖੇਡਣ ਦੀ ਪੂਰੀ ਆਜ਼ਾਦੀ ਦਿੰਦਾ ਹਾਂ। ਫਿਲਹਾਲ ਉਹ ਦੱਖਣੀ ਅਫਰੀਕਾ ਟੀ-20 ਲੀਗ ’ਚ ਕਿਸੇ ਵੀ ਟੀਮ ਦਾ ਹਿੱਸਾ ਨਹੀਂ ਹੈ। ਇਹ ਥੋੜਾ ਨਿਰਾਸ਼ਾਜਨਕ ਹੈ ਕਿਉਂਕਿ ਇੱਕ ਪਿਤਾ ਦੇ ਰੂਪ ਵਿਚ ਮੈਂ ਚਾਹੁੰਦਾ ਹਾਂ ਕਿ ਉਹ ਦੱਖਣੀ ਅਫਰੀਕਾ ਵਿਚ ਕ੍ਰਿਕਟ ਦੇ ਵਿਕਾਸ ਲਈ ਹੋਣ ਵਾਲੀ ਹਰ ਚੀਜ਼ ਦਾ ਹਿੱਸਾ ਬਣੇ।