ਗੀਤਾਂ ਦਾ ਜ਼ਿਕਰ ਛੇੜਨ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਸਬੰਧੀ ਵੀ ਨਜ਼ਰਸਾਨੀ ਲੋੜੀਂਦੀ ਹੈ। ਇਥੋਂ ਦੇ ਲੋਕ ਨਿਡਰ, ਬਾਗ਼ੀ, ਹਿੰਮਤੀ, ਦਲੇਰ ਤੇ ਸੰਵੇਦਨਸ਼ੀਲ ਹਨ। ਇਸ ਕਰ ਕੇ ਪੰਜਾਬ ਇਕ ਸੂਬਾ ਮਾਤਰ ਹੀ ਨਹੀਂ ਇਕ ਅਹਿਸਾਸ ਹੈ, ਜਿਸ ਨੂੰ ਪਿਆਰ ਨਾਲ ਭਾਵੇਂ ਕੋਈ ਸਾਰਾ ਲੁੱਟ ਲਵੇ ਤੇ ਅੜੀ ਉੱਤੇ ਆਏ ਇਹ ਕੀ-ਕੀ ਢਾਹ ਲੈਣ ਇਸ ਦਾ ਇਤਿਹਾਸ ਹੀ ਗਵਾਹ ਹੈ। ਇਹੀ ਜੀਵਨ ਸ਼ੈਲੀ ਫਿਰ ਸਾਡੇ ਪੂਰੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਡੇ ਗੀਤਾਂ, ਬੋਲੀਆਂ, ਲਿਖਤੀ ਅਤੇ ਮੌਖਿਕ ਸਾਹਿਤ ’ਚੋਂ ਆਪ ਮੁਹਾਰੇ ਝਲਕਦੀ ਹੈ। ਹਾਲਾਤ ਕੋਈ ਵੀ ਰਹੇ ਹੋਣ ਪੰਜਾਬੀਆਂ ਨੇ ਹਮੇਸ਼ਾ ਆਪਣੀ ਆਵਾਜ਼ ਹਕੂਮਤਾਂ ਤੱਕ ਅਤੇ ਜਨਤਾ ਤੱਕ ਪਹੁੰਚਾ ਕੇ ਹੀ ਦਮ ਲਿਆ। ਸਾਡੀ ਗੀਤ-ਸੰਗੀਤ ਇੰਡਸਟਰੀ ਵੀ ਇਸੇ ਕਰ ਕੇ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਹੋਰ ਰਾਜਾਂ ਨਾਲੋਂ ਵੱਖਰੀ, ਮਜ਼ਬੂਤ, ਟਿਕਾਊ ਅਤੇ ਆਰਥਿਕ ਤੌਰ ’ਤੇ ਭਾਰੂ ਰਹੀ ਹੈ। ਸਾਡੇ ਕੋਲ ਹਰ ਗੱਲ ਨੂੰ ਕਹਿਣ ਲਈ ਇਕ ਤਰੀਕਾ ਹੈ ਅਤੇ ਗੀਤ ਇਸ ਤਰੀਕੇ ਨੂੰ ਇਸਤੇਮਾਲ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੈ। ਗੀਤਾਂ ਨੇ ਵੀ ਪੱਥਰਾਂ ਦੇ ਤਵਿਆਂ ਰਾਹੀਂ ਗਰਾਮੋਫ਼ੋਨ ਤੋਂ ਈਅਰਫੋਨ ਤੱਕ ਦਾ ਲੰਮਾ ਪੈਂਡਾ ਤੈਅ ਕੀਤਾ ਹੈ। ਅੱਜ ਇਹ ਗੀਤ ਦੁਨੀਆਂ ਦੇ ਹਰ ਕੋਨੇ ਵਿਚ ਨਵੀਂ ਤਕਨੀਕ ਰਾਹੀਂ ਪਹੁੰਚ ਰਹੇ ਹਨ ਅਤੇ ਪੰਜਾਬੀ ਬੋਲੀ ਨੂੰ ਉੱਥੇ ਤੱਕ ਲੈ ਗਏ ਹਨ, ਜਿੱਥੇ 80 ਫ਼ੀਸਦੀ ਪੰਜਾਬੀ ਅਜੇ ਵੀ ਨਹੀਂ ਗਏ ਜਿਵੇਂ ਅਫਰੀਕਾ ਮਹਾਂਦੀਪ ਦੇ ਦੇਸ਼ ਤਨਜਾਨੀਆਂ ਦੇ ਕਿਲੀ ਪੌਲ ਤੇ ਨੀਮਾ (ਭੈਣ-ਭਰਾ ਦੀ ਜੋੜੀ) ਦਾ ਪੰਜਾਬੀ ਗੀਤਾਂ ’ਤੇ ਲਿਪਸਿੰਗ ਕਰ ਕੇ ਪਬਲਿਕ ਫਿਗਰ ਬਣਨਾ। ਇਸੇ ਤਰ੍ਹਾਂ ਨਾਰਵੇ ਦੇ ਇਕ ਡਾਂਸ ਗਰੁੱਪ (ਦਿ ਕੁਇਕ ਸਟਾਈਲ) ਵੱਲੋਂ ਪੰਜਾਬੀ ਗੀਤਾਂ ਦੀ ਚੋਣ ਕਰ ਕੇ ਪੰਜਾਬੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਮਸ਼ਹੂਰ ਕਰਨਾ ਵੱਡੀਆਂ ਉਦਾਹਰਨਾਂ ਹਨ।

ਅਜਿਹੇ ਵਿਚ ਸਾਡੇ ਗੀਤਕਾਰਾਂ ਤੇ ਗਾਇਕਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜੋ ਕੁਝ ਵੀ ਲਿਖਣ ਤੇ ਗਾਉਣ ਉਸ ਦਾ ਇਕ ਮਿਆਰ ਰੱਖਣ ਕਿਉਂਕਿ ਉਹ ਪੰਜਾਬ ਦੀ ਪਛਾਣ ਬਣਦਾ ਹੈ। ਇਸ ਤਰ੍ਹਾਂ ਦੁਨੀਆ ਭਰ ਵਿਚ ਪੰਜਾਬ ਦੀ ਪਛਾਣ ਸਿਰਫ਼ ਦਾਰੂ, ਅਯਾਸ਼ੀ ਤੇ ਬੱਲੇ-ਬੱਲੇ ਸ਼ਾਵਾ-ਸ਼ਾਵਾ ਤੱਕ ਹੀ ਸੀਮਤ ਨਾ ਰਹਿ ਜਾਵੇ। ਜਦੋਂ ਇਸ ਸਭ ਦੇ ਮੱਦੇਨਜ਼ਰ ਇਸ ਸਾਲ ਦੇ ਗੀਤਾਂ ਮੁਲਾਂਕਣ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਨੌਜਵਾਨ ਵਰਗ (ਉਮਰ 19 ਤੋਂ 25 ਸਾਲਾਂ) ਵਿਦੇਸ਼ਾਂ ਵਿਚ ਪਹੁੰਚ ਗਿਆ ਹੈ। ਪੰਜਾਬ ਦਾ ਲਗਪਗ ਹਰ ਘਰ ਇਸ ਵਰਗ ਤੋਂ ਸੁੰਨਾ ਹੈ ਤੇ ਬਹੁ ਗਿਣਤੀ ਗੀਤਾਂ ਦੇ ਵਿਸ਼ੇ ਹੁਣ ਪੰਜਾਬ ਦੇ ਉਦਰੇਵੇਂ ਨਾਲ ਜੋੜ ਕੇ ਤੇ ਫਿਰ ਉੱਥੇ ਸੈਟਲ ਹੋਣ ਦੀ ਕਹਾਣੀ ਤੱਕ ਸੀਮਤ ਹੋ ਰਹੇ ਹਨ। ਵਿਦੇਸ਼ਾਂ ਦੀ ਜੀਵਨ ਸ਼ੈਲੀ, ਰਹਿਣ-ਸਹਿਣ, ਕਮਾਈ ਸਾਡੇ ਪੰਜਾਬੀ ਗੀਤਾਂ ਨੂੰ ਮਹਿੰਗੇ ਵੀ ਬਣਾਉਂਦੀ ਹੈ ਕਿਉਂਕਿ ਗੀਤ ਸੁਣਨ ਦੇ ਨਾਲ-ਨਾਲ ਹੁਣ ਯੂ-ਟਿਊਬ ਤੇ ਵੀਡੀਓ ਰਾਹੀਂ ਪ੍ਰਚਲਿਤ ਵੀ ਹੁੰਦੇ ਹਨ। ਬਾਕੀ ਉਹੀ ਕਹਾਣੀ ਹੈ ਦੋ ਕੁ ਗੀਤ ਪ੍ਰਤੀ ਗਾਇਕ ਸ਼ਰਾਬ ’ਤੇ, ਦੋ ਵਿਆਹਾਂ ਵਾਲੇ, ਦੋ ਕੁੜੀਆਂ ਦੀ ਸਰੀਰਕ ਬਣਤਰ ਦਾ ਅਲਾਪ ਕਰਦੇ ਹੀ ਨਜ਼ਰ ਆਉਂਦੇ ਹਨ। ਪੰਜਾਬੀ ਗਾਇਕਾਂ ਨੂੰ ਸਮਝਣ ਲਈ ਇਸ ਦਾ ਇਕ ਮੁੱਢਲਾ ਚਾਰਟ ਸਮਝਣ ਦੀ ਜ਼ਰੂਰਤ ਹੈ। ਇਸ ਵਿਚ ਦਰਜ ਕੁਝ ਕੁ ਥੀਮ ਪੰਜਾਬੀ ਗੀਤਾਂ ਲਈ ਬਹੁਤ ਸਮੇਂ ਤੋਂ ਫਿਕਸਡ ਹਨ, ਜਿਹੜੇ ਕਿ ਇਸ ਸਾਲ ਵੀ ਚੱਲਦੇ ਰਹੇ ਜਿਵੇਂ ਕਿ ਵਿਦੇਸ਼ਾਂ ਦੇ ਉਦਰੇਵੇਂ ਦੇ ਗੀਤ, ਕਾਲਜਾਂ ਦੀ ਪੜ੍ਹਾਈ ਤੇ ਮਾਹੌਲ ਦੇ ਗੀਤ, ਬ੍ਰਾਂਡਾਂ ਦੀ ਮਸ਼ਹੂਰੀ, ਕ੍ਰਾਂਤੀਕਾਰੀ, ਬਾਗ਼ੀ ਅਤੇ ਅਣਖ ਵਾਲੇ ਗੀਤ, ਵਿਆਹਾਂ ’ਤੇ ਵੱਜਣ ਵਾਲੇ ਗੀਤ, ਧਾਰਮਿਕ ਮੇਲਿਆਂ ਤੇ ਸਾਲਾਨਾ ਖ਼ਾਸ-ਖ਼ਾਸ ਦਿਨਾਂ ਦੇ ਗੀਤ, ਚਲੰਤ ਮਾਮਲਿਆਂ ਦੇ ਗੀਤ, ਸੱਭਿਆਚਾਰਕ ਗੀਤ, ਚਾਲੂ ਗੀਤ। ਇਸ ਨਾਲ ਇਕ ਗੱਲ ਹੋਰ ਸਪੱਸ਼ਟ ਹੁੰਦੀ ਹੈ ਕਿ ਪੰਜਾਬੀ ਫਿਲਮਾਂ ਦੀ ਤਰ੍ਹਾਂ ਪੰਜਾਬੀ ਗੀਤਾਂ ਦਾ ਥੀਮ ਵੀ ਦੁਹਰਾਓ ਵਾਲਾ ਹੈ। ਇਸ ਦੇ ਉਲਟ ਪੰਜਾਬ ਅਸਲ ਵਿਚ ਕੀ ਹੈ, ਇਸ ਦੇ ਸੱਭਿਆਚਾਰ ਦੀ ਅਮੀਰੀ ਕੀ ਹੈ ਅਤੇ ਇਥੋਂ ਦੀ ਲੋਕਾਈ ਵਿਚ ਕੀ ਸੰਭਾਵਨਾਵਾਂ ਹਨ ਇਹ ਵਿਸ਼ੇ ਬਹੁਤ ਦੇਰ ਤੋਂ ਸਾਡੇ ਗੀਤਾਂ ਵਿਚੋਂ ਮਨਫ਼ੀ ਹਨ। ਇਸ ਸਾਲ ਵੀ ਇਹ ਆਸ ਅਧੂਰੀ ਰਹੀ ਪਰ ਇਸ ਬਾਬਤ ਸਿਰਫ਼ ਦੋ ਗੀਤ ਜ਼ਿਕਰਯੋਗ ਹਨ ਇਕ ਚਰਨ ਲਿਖਾਰੀ ਦਾ ਲਿਖਿਆ ਤੇ ਰਣਜੀਤ ਬਾਵਾ ਵੱਲੋਂ ਗਾਇਆ ‘ਪੰਜਾਬ ਵਰਗੀ’ ਅਤੇ ਦੂਜਾ ਗੀਤ ਹਰਮਨਜੀਤ ਦਾ ਲਿਖਿਆ ਤੇ ਨਿਮਰਤ ਖਹਿਰਾ ਵੱਲੋਂ ਗਾਇਆ ਗੀਤ ‘ਦਾਦੀਆਂ ਨਾਨੀਆਂ’ ਅਹਿਮ ਰਹੇ ਹਨ। ਜਦੋਂ ਵੀ ਸੱਭਿਅਕ ਦਾਇਰੇ ਵਿਚ ਗਾਉਣ ਦੀ ਗੱਲ ਹੋਵੇ ਤਾਂ ਸਿਹਰਾ ਡਾ. ਸਤਿੰਦਰ ਸਰਤਾਜ ਸਿਰ ਜਾਵੇਗਾ। ਦੋਵਾਂ ਪੰਜਾਬ ਦੀ ਸਾਂਝ ਦੀ ਗੱਲ ਕਰਨ ਵਾਲੇ ਗੀਤ ‘ਬੋਲ ਲਾਹੌਰ ਤੋਂ ਅੰਬਰਸਰ’ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਮਨਜੀਤ ਸੋਹੀ ਦੇ ਗੀਤ ‘ਸੁੱਖ ਦਾ ਸੁਨੇਹਾ ਆਵੇ ਚੜ੍ਹਦੇ ਪੰਜਾਬ ’ਚੋਂ ਸੁੱਖ ਦਾ ਸੁਨੇਹਾ ਆਵੇ ਲਹਿੰਦੇ ਪੰਜਾਬ ’ਚੋਂ’ ਨੇ ਵੀ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ।

ਸਾਡੇ ਕੋਲ ਨਸ਼ੇ ਤੇ ਬੰਦੂਕਾਂ ਨੂੰ ਪ੍ਰਮੋਟ ਕਰਦੇ ਗੀਤ ਤਾਂ ਕਈ ਆਏ ਪਰ ਕਿਸੇ ਵੀ ਗੀਤ ’ਚ ਕਿਸੇ ਕੁੜੀ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਸ ਨੂੰ ਕਿਸੇ ਡੀਸੀ ਨਾਲ ਪਿਆਰ ਹੈ ਜਾਂ ਤਹਿਸੀਲਦਾਰ ਚਾਹੀਦਾ ਹੈ ਜਾਂ ਉਹ ਪਟਵਾਰੀ ਨਾਲ ਖ਼ੁਸ਼ ਹੈ, ਇਸ ਦੇ ਉਲਟ ਸਾਰੀਆਂ ਕੁੜੀਆਂ ਦੇ ਲਈ ਲਿਖਣ ਵਾਲਿਆਂ ਨੇ ਤੇ ਗਾਉਣ ਵਾਲਿਆਂ ਨੇ ਬੱਸ ਵੈਲੀ, ਗੁੰਡੇ ਤੇ ਬਦਮਾਸ਼ ਹੀ ਪਸੰਦ ਕੀਤੇ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਗਾਇਕਾਂ ਨੇ ਉਸ ਦੇ ਕਈ ਤਰੀਕਿਆਂ ਨੂੰ ਕਾਪੀ ਕੀਤਾ ਪਰ ਗੱਲ ਨਹੀਂ ਬਣੀ। ਕਰਨ ਔਜਲਾ, ਮਨਕੀਰਤ ਔਲਖ, ਅੰਮਿ੍ਰਤ ਮਾਨ, ਦਿਲਪ੍ਰੀਤ ਢਿੱਲੋਂ, ਗੁਰ ਸਿੱਧੂ, ਗੁਰਨਾਮ ਭੁੱਲਰ, ਜੋਰਡਨ ਸੰਧੂ, ਗੈਰੀ ਸੰਧੂ, ਆਰ ਨੇਤ ਆਦਿ ਵੀ ਇਸ ਸਾਲ ਸੁਣੇ ਜਾਂਦੇ ਰਹੇ। ਪੁਰਾਣੇ ਗਾਇਕਾਂ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਬੱਬੂ ਮਾਨ, ਕੇਐੱਸ ਮੱਖਣ ਨੇ ਆਪਣੀ ਇੱਕ ਵੱਖਰੀ ਕਤਾਰ ਬਣਾਈ ਹੋਈ ਹੈ। ਆਪਣੀ ਪਛਾਣ ਲਈ ਇਹ ਇਕ ਗੀਤ ਸਾਲਾਨਾ ਤਕਰੀਬਨ ਰਿਲੀਜ਼ ਕਰਦੇ ਹੀ ਰਹਿੰਦੇ ਹਨ। ਇਸ ਸਾਲ ਵੀ ਦਿਲਜੀਤ ਦਾ ਗੀਤ ‘ਕੇਸ’, ਕੇਐੱਸ ਮੱਖਣ ਦਾ ‘ਐਸ਼’ ਤੇ ‘ਕੰਪੀਟੀਸ਼ਨ’, ਬੱਬੂ ਮਾਨ ਦਾ ਗੀਤ ‘ਸ਼ੌਂਕ ਨਾਲ’ ਤੇ ‘ਜੱਟੀਏ’ ਗੀਤ ਚਰਚਾ ਵਿਚ ਰਹੇ। ਇਕੋ ਸਲੀਕੇ ਦੇ ਗਾਇਕ ਜ਼ਫ਼ਰ, ਹਿੰਮਤ ਸੰਧੂ, ਖ਼ਾਨ ਭੈਣੀ ਤੇ ਮਨੀ ਲੌਂਗੀਆ ਦੇ ਗੀਤਾਂ ਨੂੰ ਤਾਂ ਹਰ ਖੇਡ ਮੇਲੇ ਅਤੇ ਹੌਂਸਲਾ ਅਫ਼ਜ਼ਾਈ ਲਈ ਚੱਲਣ ਦਾ ਮਾਣ ਹਾਸਲ ਹੈ। ਇਸ ਸਭ ਦੇ ਨਾਲ ਇਸ ਸਾਲ ਸ਼ੁਭ ਦੇ ਗੀਤ ‘ਜੇ ਕੋਈ ਸ਼ੱਕ ਨੀ ਵੰਡੇ ਚੈੱਕ ਨੀ’, ਏਪੀ ਢਿਲੋਂ ਦਾ ‘ਵਿਦ ਯੂ ਤੇਰੀਆਂ ਆਦਾਵਾਂ’, ਰਿਆੜ ਸਾਹਬ ਦਾ ‘ਓਬਸੇਸੇਡ ਗੱਡੀਆਂ ਉੱਚੀਆਂ ਰੱਖੀਆਂ’, ਬਾਦਸ਼ਾਹ ਦਾ ‘ਸੋਹਣਿਆਂ ਪਰਾਂਦਾ ਨਹੀਂ ਪਰਾਡਾ ਚਾਹੀਦਾ’ ਬਾਲੀਵੁੱਡ ਦੇ ਥੀਮ ਟਾਈਪ ਸਾਰਾ ਸਾਲ ਮਨੋਰੰਜਨ ਕਰਦੇ ਰਹੇ। ਬਾਕੀ ਗੱਲਾਂ ਦੇ ਗੀਤ ਬਣਾਉਣ ਵਿਚ ਹੋਰ ਕਈ ਗਾਇਕ ਇਸ ਸਾਲ ਕਤਾਰ ਵਿਚ ਰਹੇ।

‘ਅਮਲੀ ਐਂਥਮ’ ਦੀ ਹੋਈ ਬੱਲੇ-ਬੱਲੇ

24 ਜਨਵਰੀ ਨੂੰ ਰਾਕਾ ਦੇ ਲਿਖੇ ਤੇ ਗਾਏ ਮਸਾਲਾ ਗੀਤ ‘ਅਮਲੀ ਐਂਥਮ’ ਦੇ ਰਿਲੀਜ਼ ਤੋਂ ਬਾਅਦ ਹੁਣ ਤੱਕ 65 ਮਿਲੀਅਨ ਵਿਊ ਹਨ। ਇਸੇ ਤਰ੍ਹਾਂ ਗਾਇਕ ਕਾਕਾ ਦੇ ਗੀਤ ‘ਸ਼ੇਪ ਤੇਰੇ ਲੱਕ ਦੀ’ ਨੂੰ ਹੁਣ ਤੱਕ 95 ਮਿਲੀਅਨ ਵਿਊ ਮਿਲੇ, ਜੋ ਕਿ ਸਾਲ ਦਾ ਬਹੁਤ ਜ਼ਿਆਦਾ ਚੱਲਣ ਵਾਲਾ ਗੀਤ ਹੈ। ਏਦਾਂ ਦੇ ਹੋਰ ਬਹੁਤ ਸਾਰੇ ਗੀਤ ਡੀਜੇ, ਜਿਮ ’ਚ ਜਾਂ ਬੱਸਾਂ-ਆਟੋਆਂ ਵਿਚ ਵੱਜਦੇ ਰਹੇ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਪਰ ਫਿਰ ਵੀ ਇਨ੍ਹਾਂ ਦੇ ਹਿੱਸੇ ਬਹੁਤ ਸ਼ੋਹਰਤ ਆਈ।

– ਡਾ. ਖੁਸ਼ਮਿੰਦਰ ਕੌਰ