ਮਨੋਰੰਜਨ ਡੈਸਕ, ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਨੇ ਸਾਲ 2023 ਵਿਚ ਸਿਨੇਮਾ ਨੂੰ ਦੋ ਬਲਾਕਬਸਟਰ ਫਿਲਮਾਂ ਦਿੱਤੀਆਂ। ਸਾਲ ਦੇ ਅੰਤ ‘ਚ ਸ਼ਾਹਰੁਖ ਇਕ ਹੋਰ ਮੋਸਟ ਵੇਟਿਡ ਫਿਲਮ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਡੰਕੀ’ ਕੁਝ ਦਿਨਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚਿਆ।

ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਸ਼ਾਹਰੁਖ

ਸ਼ਾਹਰੁਖ ਖਾਨ ਨੂੰ 12 ਦਸੰਬਰ ਦੀ ਸਵੇਰ ਨੂੰ ਵੈਸ਼ਨੋ ਦੇਵੀ ਮੰਦਰ ‘ਚ ਦੇਖਿਆ ਗਿਆ। ਜੰਮੂ-ਕਸ਼ਮੀਰ ਦੇ ਕੱਟੜਾ ਤੋਂ ਸ਼ਾਹਰੁਖ ਦੀ ਵੀਡੀਓ ਸਾਹਮਣੇ ਆਈ ਹੈ। ਪੀਟੀਆਈ ਦੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਗਈ ਕਲਿੱਪ ‘ਚ ਸ਼ਾਹਰੁਖ ਨੂੰ ਆਪਣੇ ਬਾਡੀਗਾਰਡ ਨਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦਿਆਂ ਦੇਖਿਆ ਗਿਆ। ਇਸ ਦੌਰਾਨ ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਵੀ ਨਜ਼ਰ ਆਈ। ਵੀਡੀਓ ਵਿਚ ਅਦਾਕਾਰ ਕਾਲੇ ਰੰਗ ਦੀ ਹੂਡੀ ਵਿਚ ਆਪਣਾ ਚਿਹਰਾ ਢੱਕਦਾ ਨਜ਼ਰ ਆ ਰਿਹਾ ਹੈ।

ਪਠਾਨ ਤੇ ਜਵਾਨ ਤੋਂ ਪਹਿਲਾਂ ਵੀ ਵੈਸ਼ਨੋ ਦੇਵੀ ਗਏ ਸੀ ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਇਸ ਸਾਲ ਜਨਵਰੀ ‘ਚ ਰਿਲੀਜ਼ ਹੋਈ ਸੀ। ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਸ਼ਾਹਰੁਖ ਖਾਨ ਦੀ ‘ਜਵਾਨ’ ਸਤੰਬਰ ‘ਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵੀ ਸ਼ਾਹਰੁਖ ਨੇ ਮਾਤਾ ਵੈਸ਼ਨੋ ਦੇਵੀ ਦਾ ਆਸ਼ੀਰਵਾਦ ਲਿਆ ਸੀ। ਇਨ੍ਹਾਂ ਦੋਵਾਂ ਫਿਲਮਾਂ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ। ਹੁਣ ਦੇਖਣਾ ਇਹ ਹੋਵੇਗਾ ਕਿ ਬਾਕਸ ਆਫਿਸ ‘ਤੇ ਡੰਕੀ ਦਾ ਕੀ ਹਾਲ ਹੁੰਦਾ ਹੈ।

ਕਦੋਂ ਰਿਲੀਜ਼ ਹੋ ਰਹੀ ਹੈ ਡੰਕੀ?

ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਡੰਕੀ 21 ਦਸੰਬਰ 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।