ਡਿਜੀਟਲ ਡੈਸਕ, ਲਖਨਊ : ਸੀਐਮ ਯੋਗੀ ਆਦਿਤਿਆਨਾਥ ਨੇ ਯੂਪੀ ‘ਚ 22 ਜਨਵਰੀ ਨੂੰ ਸਾਰੇ ਸਕੂਲਾਂ ਤੇ ਕਾਲਜਾਂ ‘ਚ ਛੁੱਟੀ ਅਤੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੂਰੇ ਦੇਸ਼ ‘ਚ ਅਯੁੱਧਿਆ ਨੂੰ ਲੈ ਕੇ ਨਵਾਂ ਉਤਸ਼ਾਹ ਹੈ। ਇਸ ਭਾਵਨਾ ਨੂੰ ਕਾਇਮ ਰੱਖਣਾ ਹੋਵੇਗਾ। ਅਯੁੱਧਿਆ, ਜੋ ਲੰਬੇ ਸਮੇਂ ਤੋਂ ਅਣਗਹਿਲੀ ਅਤੇ ਬਦਹਾਲੀ ਝੱਲ ਰਹੀ ਸੀ, ਨੂੰ ਉਹ ਸਨਮਾਨ ਮਿਲਿਆ, ਜਿਸ ਦੀ ਉਹ ਹੱਕਦਾਰ ਸੀ।

ਸ਼ਾਕਾਹਾਰੀ ਹੋਟਲ ਖੁੱਲ੍ਹਣਗੇ

ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਪਹਿਲੀ ਵਾਰ ਅਯੁੱਧਿਆ ਆ ਰਹੇ ਹਨ, ਉਨ੍ਹਾਂ ਨੂੰ ਹੋ ਸਕਦਾ ਹੈ ਕਿ ਇਹ ਬਦਲਾਅ ਨਜ਼ਰ ਨਾ ਆਵੇ ਪਰ ਜੋ ਲੋਕ ਪਹਿਲਾਂ ਹੀ ਅਯੁੱਧਿਆ ਆ ਚੁੱਕੇ ਹਨ, ਉਨ੍ਹਾਂ ਨੂੰ ਇਹ ਬਦਲਾਅ ਸਾਫ਼ ਨਜ਼ਰ ਆਉਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਯੁੱਧਿਆ ‘ਚ ਇੱਕ ਸੱਤ ਸਿਤਾਰਾ ਹੋਟਲ ਖੋਲ੍ਹਿਆ ਜਾਵੇਗਾ ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ। ਰਾਮਨਗਰੀ ਦੇ ਵਿਕਾਸ ਕਾਰਜ 16 ਜਨਵਰੀ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ।

ਮੰਗਲਵਾਰ ਸਵੇਰੇ ਰਾਮਨਗਰੀ ਪਹੁੰਚ ਕੇ ਰਾਮਲਲਾ ਤੇ ਬਜਰੰਗਬਲੀ ਦੇ ਦਰਸ਼ਨ ਅਤੇ ਪੂਜਾ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਨੇ ਮੰਦਰ ਨਿਰਮਾਣ ਦੀ ਪ੍ਰਗਤੀ ਨੂੰ ਵੀ ਦੇਖਿਆ। ਰਾਮਨਗਰੀ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਲਈ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਰਕਟ ਹਾਊਸ ‘ਚ ਪੰਜ ਵੈਂਡਿੰਗ ਮਸ਼ੀਨਾਂ ਦਾ ਉਦਘਾਟਨ ਕੀਤਾ, ਜਿਸ ਵਿਚ 10 ਰੁਪਏ ਦਾ ਸਿੱਕਾ ਪਾਉਣ ‘ਤੇ ਇੱਕ ਕੱਪੜੇ ਦਾ ਬੈਗ ਜਾਰੀ ਕੀਤਾ ਜਾਵੇਗਾ।

ਦਿਨ ਭਰ ਦੇ ਰੁਝੇਵਿਆਂ ਭਰੇ ਦੌਰ ਉਪਰਤ ਉਨ੍ਹਾਂ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਮੁੱਖ ਮੰਤਰੀ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੀਡੀਆ ਨੇ ਦੇਸ਼ ਅਤੇ ਦੁਨੀਆ ‘ਚ ਅਯੁੱਧਿਆ ਦੀ ਸਕਾਰਾਤਮਕ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਸੜਕ, ਰੇਲ ਅਤੇ ਹਵਾਈ ਰਾਹੀਂ ਜੁੜਿਆ ਹੋਇਆ ਹੈ। ਇੱਥੋਂ ਦੀ ਮਲਟੀਲੇਵਲ ਪਾਰਕਿੰਗ ਪੂਰੇ ਦੇਸ਼ ਲਈ ਇਕ ਮਿਸਾਲ ਹੈ। ਇਸ ਵਿਚ ਪਾਰਕਿੰਗ ਦੇ ਨਾਲ-ਨਾਲ ਖਰੀਦਦਾਰੀ ਅਤੇ ਮਨੋਰੰਜਨ ਆਦਿ ਦੀਆਂ ਸਹੂਲਤਾਂ ਹਨ। ਇੱਥੇ ਇਲੈਕਟ੍ਰਿਕ ਬੱਸਾਂ ਚੱਲਣਗੀਆਂ।