ਜੇਐੱਨਐੱਨ, ਸਹਾਰਨਪੁਰ : ਹੁਣ ਤੱਕ ਤੁਸੀਂ ਘਰੇਲੂ ਕੰਮਕਾਜ ਨੂੰ ਲੈ ਕੇ ਸੱਸ-ਨੂੰਹ ਵਿਚਾਲੇ ਝਗੜੇ ਬਾਰੇ ‘ਚ ਸੁਣਿਆ ਹੋਵੇਗਾ। ਹੁਣ ਸਹਾਰਨਪੁਰ ਦੇ ਸਦਰ ਬਾਜ਼ਾਰ ਥਾਣਾ ਖੇਤਰ ਦੀ ਇਕ ਕਾਲੋਨੀ ‘ਚ ਨਵੀਂ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੂੰਹ ਨੇ ਮੋਬਾਈਲ ਡਾਟਾ ਨੂੰ ਲੈ ਕੇ ਆਪਣੀ ਸੱਸ ਖ਼ਿਲਾਫ਼ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਦਰਅਸਲ ਇਸ ਕਾਲੋਨੀ ‘ਚ ਰਹਿਣ ਵਾਲੀ ਨੂੰਹ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਵੇਰੇ ਆਪਣੇ ਕੰਮ ‘ਤੇ ਚਲਾ ਜਾਂਦਾ ਹੈ। ਉਹ ਸਾਰਾ ਦਿਨ ਆਪਣੇ ਘਰ ਦੇ ਕੰਮ ਵਿਚ ਰੁੱਝੀ ਰਹਿੰਦੀ ਹੈ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਨੂੰਹ ਦਾ ਕਹਿਣਾ ਹੈ ਕਿ ਉਸ ਦੀ ਸੱਸ ਸਾਰਾ ਦਿਨ ਆਪਣੇ ਮੋਬਾਈਲ ‘ਤੇ ਰੀਲਾਂ ਅਤੇ ਫੇਸਬੁੱਕ ਦੇਖਦੀ ਰਹਿੰਦੀ ਹੈ। ਜਦੋਂ ਨੂੰਹ ਨੂੰ ਸ਼ਾਮ ਨੂੰ ਸਮਾਂ ਮਿਲਦਾ ਹੈ ਤਾਂ ਮੋਬਾਈਲ ਦਾ ਡਾਟਾ ਖ਼ਤਮ ਹੋ ਜਾਂਦਾ ਹੈ।

ਇਸ ਗੱਲ ਨੂੰ ਲੈ ਕੇ ਨੂੰਹ ਨੇ ਆਪਣੇ ਪਤੀ ਸਾਹਮਣੇ ਆਫ਼ਰ ਰੱਖ ਦਿੱਤੀ ਕਿ ਉਹ ਹੁਣ ਆਪਣੀ ਸੱਸ ਨਾਲ ਨਹੀਂ ਰਹੇਗੀ। ਪਤੀ ਨੇ ਆਪਣੀ ਮਾਂ ਤੋਂ ਵੱਖ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਨੂੰਹ ਥਾਣੇ ਪਹੁੰਚੀ ਤੇ ਮੋਬਾਈਲ ਡਾਟਾ ਦਾ ਹਵਾਲਾ ਦਿੰਦਿਆਂ ਆਪਣੀ ਸੱਸ ਤੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸਦਰ ਬਾਜ਼ਾਰ ਥਾਣੇ ਦੇ ਇੰਚਾਰਜ ਪ੍ਰਵੇਸ਼ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਨੂੰਹ ਦੇ ਪੇਕੇ ਤੇ ਸਹੁਰੇ ਪੱਖ ਨੂੰ ਬੁਲਾ ਕੇ ਦੋਵਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਗਿਆ।