ਜਾਸ, ਨਵੀਂ ਦਿੱਲੀ : ਸੰਸਦ ਭਵਨ ਦੀ ਸੁਰੱਖਿਆ ਵਿੱਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਹੁਣ ਤੱਕ ਦਿੱਲੀ ਪੁਲਿਸ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਅਮੋਲ, ਨੀਲਮ, ਮਨੋਰੰਜਨ, ਸਾਗਰ ਹਨ, ਜਿਨ੍ਹਾਂ ਨੂੰ ਸੰਸਦ ਭਵਨ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ, ਵਿੱਕੀ ਸ਼ਰਮਾ ਅਤੇ ਉਸ ਦੀ ਪਤਨੀ ਵ੍ਰਿੰਦਾ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੇ ਘਰ ਚਾਰੇ ਮੁਲਜ਼ਮ ਰੁਕੇ ਸਨ। ਮਾਮਲੇ ‘ਚ ਸੱਤਵੇਂ ਮੁਲਜ਼ਮ ਦੀ ਭਾਲ ਜਾਰੀ ਹੈ, ਜੋ ਲਲਿਤ ਝਾ ਹੈ।

ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਹੋਈ ਜਾਣ-ਪਛਾਣ

ਪੁਲਿਸ ਨੇ ਦੱਸਿਆ ਕਿ ਸਾਰੇ ਲੋਕਾਂ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਆਪਸ ਵਿੱਚ ਜਾਣ-ਪਛਾਣ ਹੋਈ ਸੀ। ਸਾਰੇ ਲੋਕ ਫੇਸਬੁੱਕ ‘ਤੇ ਆਪਸ ‘ਚ ਜੁੜੇ ਸਨ। ਦਿੱਲੀ ਪੁਲਿਸ ਗੁਰੂਗ੍ਰਾਮ ਤੋਂ ਵਿੱਕੀ ਅਤੇ ਉਸ ਦੀ ਪਤਨੀ ਨੂੰ ਲੈ ਗਈ ਹੈ। ਇਨ੍ਹਾਂ ਦੇ ਕੋਲ ਚਾਰੇ ਲੋਕ ਦੋ ਦਿਨ ਤੱਕ ਰੁਕੇ ਸਨ।

ਗੁਰੂਗ੍ਰਾਮ ਰਹਿੰਦਾ ਹੈ ਵਿੱਕੀ

ਵਿੱਕੀ ਹਿਸਾਰ ਦਾ ਰਹਿਣ ਵਾਲਾ ਸੀ, ਜੋ ਕਾਫ਼ੀ ਸਮੇਂ ਤੋਂ ਗੁਰੂਗ੍ਰਾਮ ਵਿੱਚ ਰਹਿ ਰਿਹਾ ਸੀ। ਵਿੱਕੀ ਨੂੰ ਗੁਰੂਗ੍ਰਾਮ ਦੇ ਹਾਊਸਿੰਗ ਬੋਰਡ ਕਾਲੋਨੀ ਵਿੱਚ ਸੰਨ 1990 ਵਿੱਚ ਜਗ੍ਹਾ ਅਲਾਟ ਹੋਈ ਸੀ। ਉਸ ਸਮੇਂ ਉਸ ਨੇ ਇਹ ਮਕਾਨ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਵਿੱਕੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਵਿੱਕੀ ਦੀ ਇਕ ਛੋਟੀ ਬੇਟੀ ਹੈ। ਦੱਸਿਆ ਜਾ ਰਿਹਾ ਹੈ ਕਿ ਲਲਿਤ ਝਾ ਵੀ ਇੱਥੇ ਆਇਆ ਸੀ।

ਲਲਿਤ ਝਾ ਅਜੇ ਫ਼ਰਾਰ

ਪੁਲਿਸ ਨੇ ਦੱਸਿਆ ਕਿ ਸੱਤਵਾਂ ਮੁਲਜ਼ਮ ਲਲਿਤ ਝਾ ਭੱਜਿਆ ਹੋਇਆ ਹੈ। ਟਰਾਂਸਪੋਰਟ ਭਵਨ ਦੇ ਕੋਲ ਜਦੋਂ ਨੀਲਮ ਅਤੇ ਅਮੋਲ ਪਟਾਕੇ ਚਲਾ ਰਹੇ ਸਨ, ਉਦੋਂ ਲਲਿਤ ਝਾ ਵੀ ਮੌਕੇ ‘ਤੇ ਸੀ। ਉਸੇ ਨੇ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਸੀ।

ਕੌਣ ਹੈ ਅਮੋਲ, ਸਾਗਰ ਅਤੇ ਮਨੋਰੰਜਨ

ਲਾਤੂਰ (ਮਹਾਰਾਸ਼ਟਰ) ਦਾ ਰਹਿਣ ਵਾਲਾ ਅਮੋਲ ਦੇ ਇੰਸਟਾਗ੍ਰਾਮ ਦੀ ਫਾਲੋਅਰਜ਼ ਸੂਚੀ ਵਿੱਚ ਸਾਗਰ ਸ਼ਰਮਾ ਜੁੜਿਆ ਹੋਇਆ ਹੈ। ਅਮੋਲ ਦੌੜ ਲਾਉਂਦਾ ਸੀ ਅਤੇ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਲਲਿਤ ਸਰਕਾਰ ਦੇ ਖਿ਼ਲਾਫ਼ ਧਰਨਿਆਂ ਵਿੱਚ ਹਿੱਸਾ ਲੈਂਦਾ ਰਿਹਾ ਹੈ। ਮਨੋਰੰਜਨ ਕਰਨਾਟਕ ਦਾ ਰਹਿਣ ਵਾਲਾ ਹੈ। ਬੀਟੈੱਕ ਕਰ ਰਿਹਾ ਸੀ। ਸਾਗਰ ਆਲਮਬਾਗ ਲਖਨਊ ਦਾ ਰਹਿਣ ਵਾਲਾ ਹੈ, ਜੋ ਤਿੰਨ ਦਿਨ ਪਹਿਲਾਂ ਦਿੱਲੀ ਆਇਆ ਸੀ।