ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਹਾਸਪਿਟੈਲਿਟੀ ਇੰਡਸਟਰੀ ’ਚ ਨਵੀਂ ਜਾਨ ਪਾਉਣ ਵਾਲੇ ਅਨੁਭਵੀ ਹੋਟਲ ਕਾਰੋਬਾਰੀ ਪ੍ਰਿਥਵੀਰਾਜ ਸਿੰਘ ਓਬਰਾਏ (94) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ‘ਬਿਕੀ’ ਦੇ ਨਾਂ ਨਾਲ ਮਸ਼ਹੂਰ ਪੀਐੱਸ ਓਬਰਾਏ ਦਾ ਜਨਮ 3 ਫਰਵਰੀ, 1929 ਨੂੰ ਨਵੀਂ ਦਿੱਲੀ ’ਚ ਹੋਇਆ ਸੀ। ਆਪਣੇ ਜੀਵਨਕਾਲ ’ਚ ਉਨ੍ਹਾਂ 32 ਹੋਟਲਾਂ ਦੀ ਇਕ ਵਿਸ਼ਾਲ ਚੇਨ ਖੜ੍ਹੀ ਕੀਤੀ।
‘ਦਿ ਓਬਰਾਏ ਗਰੁੱਪ’ ਦੇ ਸੰਸਥਾਪਕ ਸਵ. ਰਾਏ ਬਹਾਦੁਰ ਐੱਮਐੱਸ ਓਬਰਾਏ ਦੇ ਬੇਟੇ ਪੀਆਰਐੱਸ ਓਬਰਾਏ ਨੇ ਟ੍ਰਾਈਡੈਂਟ ਹੋਟਲ ਚੇਨ ਨੂੰ ਵਿਕਸਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪਿਤਾ ਨੇ 1934 ’ਚ ਇਹ ਕਾਰੋਬਾਰ ਸ਼ੁਰੂ ਕੀਤਾ ਸੀ। ਐੱਮਐੱਸ ਓਬਰਾਏ ਦਾ ਦੇਹਾਂਤ 2002 ’ਚ ਹੋ ਗਿਆ ਸੀ। ਐੱਮਐੱਸ ਓਬਰਾਏ ਦੇ ਵੱਡੇ ਬੇਟੇ ਤਿਲਕ ਰਾਜ ਦਾ 1984 ’ਚ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਪੀਆਰਐੱਸ ਓਬਰਾਏ ਨੇ ਹਾਸਪਿਟੈਲਿਟੀ ਚੇਨ ਨੂੰ ਅੱਗੇ ਵਧਾਇਆ।
ਉਨ੍ਹਾਂ 1988 ਤੋਂ ਲੈ ਕੇ ਪਿਛਲੇ ਸਾਲ ਮਈ ਤਕ ਕੰਪਨੀ ਦੇ ਚੇਅਰਮੈਨ ਦੇ ਰੂਪ ’ਚ ਕੰਮ ਕੀਤਾ। ਖ਼ਰਾਬ ਸਿਹਤ ਕਾਰਨ ਪਿਛਲੇ ਸਾਲ ਉਨ੍ਹਾਂ ਨੇ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ’ਚ ਬੇਟਾ ਵਿਕਰਮਜੀਤ ਸਿੰਘ ਓਬਰਾਏ (ਈਆਈਐੱਮ ਹੋਟਲਜ਼ ਦੇ ਐੱਮਡੀ ਤੇ ਸੀਈਓ) ਤੇ ਧੀਆਂ ਨਤਾਸ਼ਾ ਤੇ ਅਨਾਸਤਾਸੀਆ ਹਨ।


