ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ: ਸਿੱਧਵਾਂ ਬੇਟ-ਲੁਧਿਆਣਾ ਰੋਡ ‘ਤੇ ਸਥਿਤ ਬੋਪਾਰਾਏ ਇੰਟਰਪ੍ਰਾਈਜਜ਼ ਨਜ਼ਦੀਕ ਇਕ ਸੜਕ ਹਾਦਸੇ ’ਚ ਇਕ ਸਾਲਾ ਮਾਸੂਮ ਦੀ ਜਾਨ ਚਲੀ ਗਈ ਅਤੇ ਉਸ ਦੇ ਮਾਪੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰਵਾਲ ਵਾਸੀ ਤੇਜਿੰਦਰ ਸਿੰਘ ਆਪਣੀ ਪਤਨੀ ਸੁਮਨ ਤੇ ਬੇਟੇ ਅਰਸ਼ਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਹੰਬੜਾਂ ਤੋਂ ਵਾਪਿਸ ਆਪਣੇ ਪਿੰਡ ਨੂੰ ਆ ਰਹੇ ਸੀ। ਜਦੋਂ ਉਹ ਕਰੀਬ 8 ਵਜੇ ਬੋਪਾਰਾਏ ਕਾਲੋਨੀ ਸਿੱਧਵਾਂ ਬੇਟ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਇੱਕ ਸਕੂਟਰੀ ਨਾਲ ਜਾ ਟਕਰਾ ਗਿਆ। ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਸਿੱਧਵਾਂ ਬੇਟ ਲਿਜਾਇਆ ਗਿਆ ਜਿੱਥੋਂ ਉਨਾਂ ਨੂੰ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ ਜਿਥੇ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ। ਤ੍ਰਾਸਦੀ ਇਹ ਰਹੀ ਕਿ ਸਿਵਲ ਹਸਪਤਾਲ ਵਾਲਿਆਂ ਵੀ ਉਨ੍ਹਾਂ ਦਾ ਇਲਾਜ ਨਾ ਕੀਤਾ ਸਗੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਜਾਣ ਲਈ ਆਖ ਦਿੱਤਾ ਗਿਆ। ਪਰੇਸ਼ਾਨ ਰਿਸ਼ਤੇਦਾਰਾਂ ਨੇ ਚੰਡੀਗੜ੍ਹ ਜਾਣ ਦੀ ਬਜਾਏ ਜਗਰਾਓਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਦੌਰਾਨ ਮਾਸੂਮ ਅਕਾਸ਼ਦੀਪ ਦੀ ਮੌਤ ਹੋ ਗਈ। ਪਿੰਡ ਸ਼ੇਰੇਵਾਲ ਦੇ ਸਰਪੰਚ ਮੰਗਲ ਸਿੰਘ ਅਤੇ ਮੁਖਤਿਆਰ ਸਿੰਘ ਨੇ ਸਰਕਾਰੀ ਹਸਪਤਾਲਾਂ ’ਚ ਆਉਂਦੀਆਂ ਪਰੇਸ਼ਾਨੀਆਂ ਤੋਂ ਦੁਖੀ ਹੁੰਦਿਆ ਆਖਿਆ ਕਿ ਕਈ ਜ਼ਿੰਦਗੀਆਂ ਸਿਵਲ ਹਸਪਤਾਲ ਸਿੱਧਵਾਂ ਬੇਟ ਜਾਂ ਜਗਰਾਓਂ ਵਿਖੇ ਮੌਕੇ ਤੇ ਇਲਾਜ ਨਾ ਮਿਲਣ ਕਰਨ ਕਾਰਨ ਇਸ ਜਹਾਨ ਨੂੰ ਅਲਵਿਦਾ ਆਖ ਜਾਂਦੀਆਂ ਹਨ। ਜੇਕਰ ਸਿੱਧਵਾਂ ਬੇਟ ਜਾਂ ਜਗਰਾਓਂ ਦੇ ਸਿਵਲ ਹਸਪਤਾਲਾਂ ਵਿੱਚ ਸਹੀ ਡਾਕਟਰੀ ਸਹੂਲਤ ਮਿਲ ਜਾਂਦੀ ਤਾਂ ਮਾਸੂਮ ਦੀ ਜਾਨ ਬਚ ਜਾਂਦੀ।