ਜਾਗਰਣ ਬਿਊਰੋ, ਨਵੀਂ ਦਿੱਲੀ : ਬੀਤੇ ਅਕਤੂਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਿਰਫ਼ 4.87 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਦਰ ਪਿਛਲੇ ਚਾਰ ਮਹੀਨਿਆਂ ਵਿਚ ਸਭ ਤੋਂ ਘੱਟ ਹੈ। ਜੁਲਾਈ ਤੇ ਅਗਸਤ ਵਿਚ ਪ੍ਰਚੂਨ ਮਹਿੰਗਾਈ ਦਰ ਆਰਬੀਆਈ ਦੀ ਵੱਧ ਤੋਂ ਵੱਧ ਹੱਦ ਛੇ ਫ਼ੀਸਦ ਤੋਂ ਜ਼ਿਆਦਾ ਸੀ ਜਦਕਿ ਇਸ ਸਾਲ ਸਤੰਬਰ ਮਹੀਨੇ ਇਹ ਦਰ 5.02 ਫ਼ੀਸਦ ਸੀ। ਆਰਬੀਆਈ ਨੇ ਪ੍ਰਚੂਨ ਮਹਿੰਗਾਈ ਦਰ ਲਈ ਛੇ ਫ਼ੀਸਦ ਦੀ ਹੱਦ ਤੈਅ ਕੀਤੀ ਹੋਈ ਹੈ। ਲਗਾਤਾਰ ਦੋ ਮਹੀਨਿਆਂ ਤੋਂ ਪ੍ਰਚੂਨ ਮਹਿੰਗਾਈ ਛੇ ਫ਼ੀਸਦ ਤੋਂ ਹੇਠਾਂ ਰਹਿਣ ਕਰ ਕੇ ਮਾਹਿਰਾਂ ਨੇ ਭਵਿੱਖ ਵਿਚ ਬੈਂਕ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਹਾਲਾਂਕਿ ਆਰਬੀਆਈ ਪ੍ਰਚੂਨ ਮਹਿੰਗਾਈ ਦਰ ਨੂੰ ਚਾਰ ਫ਼ੀਸਦ ਤੱਕ ਲਿਆਉਣਾ ਚਾਹੁੰਦੀ ਹੈ।
ਅਕਤੂਬਰ ਵਿਚ ਮੁੱਖ ਤੌਰ ’ਤੇ ਖਾਣ ਵਾਲੀਆਂ ਚੀਜ਼ਾਂ ਦੀ ਕੀਮਤ ਵਿਚ ਨਰਮੀ ਨਾਲ ਪ੍ਰਚੂਨ ਮਹਿੰਗਾਈ ਦਰ ਪੰਜ ਫ਼ੀਸਦ ਤੋਂ ਘੱਟ ਰਹੀ। ਇਨ੍ਹਾਂ ਚੀਜ਼ਾਂ ਦੀ ਪ੍ਰਚੂਨ ਮਹਿੰਗਾਈ ਦਰ ਵਿਚ ਪਿਛਲੇ ਸਾਲ ਅਕਤੂਬਰ ਦੀ ਤੁਲਨਾ ਵਿਚ 6.61 ਫ਼ੀਸਦ ਦਾ ਵਾਧਾ ਰਿਹਾ ਹੈ। ਸਤੰਬਰ ਵਿਚ ਇਹ ਵਾਧਾ ਦਰ 6.62 ਫ਼ੀਸਦ ਸੀ। ਸਰਕਾਰੀ ਅੰਕੜਿਆਂ ਮੁਤਾਬਕ ਖ਼ੁਰਾਕ ਤੇਲ, ਫਿਊਲ ਤੇ ਲਾਈਟ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਦੀ ਪ੍ਰਚੂਨ ਮਹਿੰਗਾਈ ਵਿਚ ਵਾਧਾ ਹੋਇਆ ਹੈ। ਅਕਤੂਬਰ ਵਿਚ ਸਬਜ਼ੀਆਂ ਦੀ ਪ੍ਰਚੂਨ ਕੀਮਤ ਵਿਚ ਸਿਰਫ਼ 2.70 ਫ਼ੀਸਦ ਦਾ ਵਾਧਾ ਹੋਇਆ ਹੈ ਜਦਕਿ ਦਾਲਾਂ ਦੀ ਕੀਮਤ ਵਿਚ 18.79 ਫ਼ੀਸਦ, ਅਨਾਜ ਵਿਚ 10.65 ਫ਼ੀਸਦ ਤੇ ਮਸਾਲਿਆਂ ਦੀ ਕੀਮਤ ਵਿਚ 22.76 ਫ਼ੀਸਦ ਦਾ ਵਾਧਾ ਹੋਇਆ ਹੈ।


