ਹਰਿਆਣਾ ਦੇ ਉਤਪਾਦਾਂ ਦੀ ਦੁਨੀਆ ਭਰ ‘ਚ ਧੂਮ, 200 ਤੋਂ ਵੱਧ ਦੇਸ਼ਾਂ ‘ਚ ਹੋ ਰਿਹਾ ਨਿਰਯਾਤ; ਸੂਬਾ ਦੇਸ਼ ਭਰ ‘ਚ ਛੇਵੇਂ ਸਥਾਨ ‘ਤੇ
ਚੰਡੀਗੜ੍ਹ: ਹਰਿਆਣਾ ਦੇ ਉਤਪਾਦਾਂ ਨੇ ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਲਈ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਹਰਿਆਣਾ ਵਿੱਚ ਬਣੇ ਉਤਪਾਦ ਅੱਜ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾ ਰਹੇ ਹਨ। ਨਿਰਯਾਤ ਦੇ ਮਾਮਲੇ ਵਿੱਚ ਹਰਿਆਣਾ ਹੁਣ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਗੁਰੂਗ੍ਰਾਮ ਵਿੱਚ ਆਯੋਜਿਤ ਰਾਜ ਪੱਧਰੀ ਮੁਕਤ ਵਪਾਰ ਸਮਝੌਤਾ (FTA) ਵਰਕਸ਼ਾਪ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਸੂਬੇ ਨੇ 20.57 ਬਿਲੀਅਨ ਡਾਲਰ ਦਾ ਰਿਕਾਰਡ ਨਿਰਯਾਤ ਹਾਸਲ ਕੀਤਾ ਹੈ, ਜੋ ਪਿਛਲੇ ਸਾਲ ਮੁਕਾਬਲੇ 7.66 ਫੀਸਦੀ ਵੱਧ ਹੈ। ਦੇਸ਼ ਦੇ ਕੁੱਲ ਨਿਰਯਾਤ ਵਿੱਚ ਹਰਿਆਣਾ ਦਾ 4.66 ਫੀਸਦੀ ਯੋਗਦਾਨ ਹੈ। ਸੂਬਾ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਇਸ ਅੰਕੜੇ ਨੂੰ ਦੁੱਗਣਾ ਕਰਨ ਦਾ ਵੱਡਾ ਟੀਚਾ ਮਿੱਥਿਆ ਹੈ। ਮੁੱਖ ਮੰਤਰੀ ਨੇ ਉਦਯੋਗਪਤੀਆਂ ਅਤੇ ਕਿਸਾਨਾਂ ਨੂੰ ਨਵੇਂ ਅੰਤਰਰਾਸ਼ਟਰੀ ਬਾਜ਼ਾਰ ਤਲਾਸ਼ਣ ਦੀ ਅਪੀਲ ਕੀਤੀ।
ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਲਈ ਉਤਪਾਦਾਂ ਦੀ ਗੁਣਵੱਤਾ ਅਤੇ ਆਧੁਨਿਕ ਤਕਨੀਕ ਅਪਣਾਉਣ 'ਤੇ ਜ਼ੋਰ ਦਿੱਤਾ। ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ, ਹਰਿਆਣਾ ਦੇ ਕੁੱਲ ਨਿਰਯਾਤ ਦਾ ਲਗਭਗ 40 ਫੀਸਦੀ (8.33 ਬਿਲੀਅਨ ਡਾਲਰ) ਹਿੱਸਾ ਇਕੱਲਾ ਗੁਰੂਗ੍ਰਾਮ ਸ਼ਹਿਰ ਪਾ ਰਿਹਾ ਹੈ, ਜੋ ਸੂਬੇ ਦੀ ਮਜ਼ਬੂਤ ਆਰਥਿਕ ਸਥਿਤੀ ਦੀ ਗਵਾਹੀ ਭਰਦਾ ਹੈ।



