RBI MPC Meet : ਚੇਨਈ (ਏਜੰਸੀ) : 6 ਤੋਂ 8 ਦਸੰਬਰ ਦੌਰਾਨ ਹੋਣ ਵਾਲੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ’ਚ ਆਰਬੀਆਈ ਰੈਪੋ ਰੇਟ ਨੂੰ 6.5 ਫ਼ੀਸਦੀ ’ਤੇ ਬਰਕਰਾਰ ਰੱਖ ਸਕਦਾ ਹੈ। ਨਾਲ ਹੀ ਕੇਂਦਰੀ ਬੈਂਕ ਵੱਲੋਂ ਰੁਖ਼ ’ਚ ਵੀ ਕੋਈ ਬਦਲਾਅ ਦੀ ਉਮੀਦ ਨਹੀਂ ਹੈ। ਮਾਹਿਰਾਂ ਨੇ ਇਹ ਗੱਲ ਕਹੀ ਹੈ।
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਸਤਰੀ ਮਦਨ ਸਬਨਵੀਸ ਦਾ ਕਹਿਣਾ ਹੈ ਕਿ ਨਵੰਬਰ ਦੇ ਮਹੀਨਾਵਾਰੀ ਬੁਲੇਟਿਨ ’ਚ ਆਰਬੀਆਈ ਨੇ ਅਕਤੂਬਰ ’ਚ ਮਹਿੰਗਾਈ ਘਟ ਕੇ 4.7 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਦੇ ਬਾਵਜੂਦ ਕੇਂਦਰੀ ਬੈਂਕ ਰੈਪੋ ਰੇਟ ’ਚ ਕਟੌਤੀ ਨਹੀਂ ਕਰੇਗਾ ਕਿਉਂਕਿ ਉਹ ਆਪਣੀ ਚੌਕਸੀ ਘੱਟ ਨਹੀਂ ਹੋਣ ਦੇਣਾ ਚਾਹੁੰਦਾ। ਅਜਿਹੇ ’ਚ ਅਸੀਂ ਰੈਪੋ ਰੇਟ ਤੇ ਰੁਖ਼ ’ਚ ਕਿਸੇ ਬਦਲਾਅ ਦੀ ਉਮੀਦ ਨਹੀਂ ਕਰ ਰਹੇ। ਖ਼ਾਸ ਤੌਰ ’ਤੇ ਖ਼ੁਰਾਕੀ ਮਹਿੰਗਾਈ ਦਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਅਨਾਜ ਤੇ ਸਬਜ਼ੀਆਂ ਦੇ ਮੁੱਲ ’ਚ ਵਾਧਾ ਹੋ ਗਿਆ ਹੈ। ਪੂਰੇ ਸਾਲ ਲਈ ਔਸਤਨ ਮਹਿੰਗਾਈ 5.5 ਫ਼ੀਸਦੀ ਰਹੇਗੀ। ਇਸ ਲਈ ਰੈਪੋ ਰੇਟ ’ਚ ਹੇਠਾਂ ਦੀ ਦਿਸ਼ਾ ’ਚ ਬਦਲਾਅ ਲਈ ਕੋਈ ਗੁੰਜਾਇਸ਼ ਨਹੀਂ ਹੈੇ। ਸਬਨਵੀਸ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਮੁੱਖ ਮਹਿੰਗਾਈ ਦਰ ਅੱਗੇ ਵੀ ਘੱਟ ਰਹੇਗੀ।
ਸ਼੍ਰੀਰਾਮ ਫਾਈਨਾਂਸ ਦੇ ਕਾਰਜਕਾਰੀ ਵਾਈਸ ਚੇਅਰਮੈਨ ਉਮੇਸ਼ ਰੇਵਾਂਕਾਰ ਦਾ ਕਹਿਣਾ ਹੈ ਕਿ ਘੱਟ ਦਰ ਵਿਵਸਥਾ ਦੀ ਉਮੀਦ ਜਾਗੀ ਹੈ। ਆਰਬੀਆਈ ਨੇ ਬੈਂਕਿੰਗ ਪ੍ਰਣਾਲੀ ’ਚ ਨਕਦੀ ਦੀ ਉਪਲਬਧਤਾ ਕਾਬੂ ਕਰਨ ਲਈ ਅਸੁਰੱਖਿਅਤ ਕਰਜ਼ ’ਤੇ ਖ਼ਤਰਾ ਭਾਰ 25 ਆਧਾਰ ਅੰਕ ਵਧਾ ਕੇ 125 ਫ਼ੀਸਦੀ ਕੀਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਆਰਬੀਆਈ ਮਹਿੰਗਾਈ ਦਰ ’ਤੇ ਰੋਕ ਲਾਉਣ ’ਚ ਕੋਈ ਢਿੱਲ ਨਹੀਂ ਦੇਣਾ ਚਾਹੁੰਦਾ। ਰੇਵਾਂਕਰ ਦਾ ਕਹਿਣਾ ਹੈ ਕਿ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ਤੱਕ ਰੈਪੋ ਰੇਟ ’ਚ ਕਟੌਤੀ ਦੀ ਕੋਈ ਉਮੀਦ ਨਹੀਂ ਹੈ।


