ਜਾਸ, ਉਦੈਪੁਰ : ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਉਦੈਪੁਰ ਜ਼ਿਲ੍ਹੇ ਦੀ ਗੋਗੁੰਦਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਮਾਂਗੀਲਾਲ ਗਰਾਸੀਆ ਦੀ ਹਾਰ ਤੋਂ ਨਿਰਾਸ਼ ਹੋ ਕੇ ਪਾਰਟੀ ਵਰਕਰ ਧਨਾਰਾਮ ਗਰਾਸੀਆ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਮੰਗਲਵਾਰ ਨੂੰ ਉਦੈਪੁਰ ਦੇ ਐੱਮਬੀ ਹਸਪਤਾਲ ’ਚ ਉਸ ਨੇ ਦਮ ਤੋੜ ਦਿੱਤਾ।

ਵੋਟਾਂ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਸ਼ਿਵੜੀਆ ਪਿੰਡ ਦੇ ਕਾਂਗਰਸੀ ਵਰਕਰ ਧਨਾਰਾਮ ਗਰਾਸੀਆ ਨੇ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਰ ਲਈ ਸੀ। ਇਹ ਗੱਲ ਉਸ ਨੇ ਕਰਿਆਨੇ ਦੀ ਇਕ ਦੁਕਾਨ ’ਤੇ ਜਾ ਕੇ ਦੱਸੀ ਸੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਪਰ ਹਾਲਤ ਵਿਗੜਨ ’ਤੇ ਉਸ ਨੂੰ ਉਦੈਪੁਰ ਦੇ ਐੱਮਬੀ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਪਾਰਟੀ ਵਰਕਰ ਦੀ ਮੌਤ ’ਤੇ ਕਾਂਗਰਸੀ ਉਮੀਦਵਾਰ ਰਹੇ ਡਾ. ਗਰਾਸੀਆ ਨੇ ਦੁੱਖ ਪ੍ਰਗਟਾਇਆ ਤੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ।