ਜਾ.ਸ, ਲੁਧਿਆਣਾ : ਸੂਬੇ ਭਰ ’ਚ ਅਗਲੇ ਤਿੰਨ ਦਿਨਾਂ ’ਚ ਦੋ ਤੋਂ ਤਿੰਨ ਡਿਗਰੀ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ ਜਿਸ ਨਾਲ ਠੰਢ ਵਧੇਗੀ। ਕੁਝ ਇਲਾਕਿਆਂ ’ਚ ਕੋਰਾ ਤੇ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਬਹੁਤੇ ਇਲਾਕਿਆਂ ’ਚ ਤੇਜ਼ ਧੁੱਪ ਨਿਕਲੀ। ਲੁਧਿਆਣੇ ’ਚ ਦਿਨ ਦਾ ਤਾਪਮਾਨ 23.8 ਡਿਗਰੀ, ਅੰਮ੍ਰਿਤਸਰ ’ਚ 24.4 ਡਿਗਰੀ, ਬਠਿੰਡੇ ’ਚ 23.2 ਡਿਗਰੀ, ਫਿਰੋਜ਼ਪੁਰ ’ਚ 23.8 ਤੇ ਪਟਿਆਲੇ ’ਚ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੀਰਵਾਰ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਰਾਤ ਦਾ ਤਾਪਮਾਨ ਸਭ ਤੋਂ ਘੱਟ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣੇ ਦਾ 8.6, ਅੰਮ੍ਰਿਤਸਰ ਦਾ 9.1, ਪਟਿਆਲੇ ਦਾ 9.4 ਤੇ ਬਠਿੰਡੇ ਦਾ ਰਾਤ ਦਾ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪੀਕੇ ਕਿੰਗਰਾ ਨੇ ਕਿਹਾ ਕਿ 11 ਦਸੰਬਰ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ। ਧੁੰਦ ਵੱਧ ਸਕਦੀ ਹੈ।