ਜਾ.ਸ, ਲੁਧਿਆਣਾ : ਲੁਧਿਆਣਾ, ਮੋਗਾ, ਫਿਲੌਰ, ਫਗਵਾੜਾ, ਹੁਸ਼ਿਆਰਪੁਰ ਤੇ ਰੋਪੜ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਮੰਗਲਵਾਰ ਸਵੇਰੇ ਅੱਠ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਪਿੱਛੋਂ ਅਚਾਨਕ ਮੁੜ ਧੁੰਦ ਨੇ ਦਸਤਕ ਦਿੱਤੀ ਜਿਸ ਕਾਰਨ ਵਾਹਨਾਂ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸਵੇਰੇ ਪੰਜ ਤੋਂ ਸੱਤ ਵਜੇ ਤੱਕ ਦ੍ਰਿਸ਼ਤਾ 50 ਮੀਟਰ ਦੇ ਆਸਪਾਸ ਰਹੀ। ਖ਼ਾਸਕਰ ਹਾਈਵੇ ’ਤੇ ਤਾਂ ਸੌ ਮੀਟਰ ਦੀ ਦੂਰੀ ’ਤੇ ਕੁਝ ਵੀ ਸਾਫ਼ ਨਜ਼ਰ ਨਹੀਂ ਸੀ ਆ ਰਿਹਾ ਜਿਸ ਕਾਰਨ ਵਾਹਨ ਬਹੁਤ ਹੀ ਸੁਸਤ ਰਫ਼ਤਾਰ ’ਚ ਚੱਲ ਰਹੇ ਸਨ। ਸਵੇਰੇ ਨੌਂ ਵਜੇ ਤੋਂ ਬਾਅਦ ਧੁੱਪ ਨਿਕਲੀ ਪਰ ਉਦੋਂ ਵੀ ਹਲਕੀ-ਹਲਕੀ ਧੁੰਦ ਛਾਈ ਹੋਈ ਸੀ। ਮੰਗਲਵਾਰ ਨੂੰ ਧੁੰਦ ਦੇ ਨਾਲ-ਨਾਲ ਠੰਢ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰਹੀ। ਗੁਰਦਾਸਪੁਰ, ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ ਤੇ ਬਰਨਾਲਾ ’ਚ ਤਾਪਮਾਨ 6 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਜਦਕਿ ਜਲੰਧਰ, ਰੋਪੜ ਤੇ ਪਟਿਆਲੇ ਦਾ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਤੇ ਵੀਰਵਾਰ ਨੂੰ ਵੀ ਸੂਬੇ ’ਚ ਬਹੁਤੀ ਥਾਈਂ ਧੁੰਦ ਪੈਣ ਦੀ ਸੰਭਾਵਨਾ ਹੈ। 15 ਦਸੰਬਰ ਤੋਂ ਬਾਅਦ ਧੁੰਦ ਤੋਂ ਰਾਹਤ ਮਿਲੇਗੀ।