ਸ਼ਿਵਮੋਗਾ (ਪੀਟੀਆਈ) : ਕਰਨਾਟਕ ਦੇ ਪ੍ਰਖਰ ਚਤੁਰਵੇਦੀ ਨੇ ਸੋਮਵਾਰ ਨੂੰ ਇੱਥੇ ਮੁੰਬਈ ਦੇ ਵਿਰੁੱਧ 636 ਗੇਂਦਾਂ ਵਿਚ ਅਜੇਤੂ 404 ਦੌੜਾਂ ਦੀ ਪਾਰੀ ਖੇਡ ਕੇ ਯੁਵਰਾਜ ਸਿੰਘ ਦਾ ਅੰਡਰ-19 ਕੂਚ ਬੇਹਾਰ ਟਰਾਫੀ ਫਾਈਨਲ ਵਿਚ ਸਰਬੋਤਮ ਸਕੋਰ ਦਾ 25 ਸਾਲ ਪੁਰਾਣਾ ਰਿਕਾਰਡ ਤੋੜਿਆ। ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਯੁਵਰਾਜ ਨੇ 1999 ਵਿਚ ਬਿਹਾਰ ਦੇ ਵਿਰੁੱਧ ਫਾਈਨਲ ਵਿਚ ਪੰਜਾਬ ਲਈ 358 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਸਮੇਂ ਬਿਹਾਰ ਦੀ ਟੀਮ ਦਾ ਹਿੱਸਾ ਸੀ। ਭਾਰਤ ਦੇ ਇਸ ਸਿਖਰ ਅੰਡਰ-19 ਟੂਰਨਾਮੈਂਟ ਵਿਚ ਸਰਬੋਤਮ ਵਿਅਕਤੀਗਤ ਸਕੋਰ ਦਾ ਰਿਕਾਰਡ ਵਿਜੈ ਜੋਲ ਦੇ ਨਾਮ ਹੈ ਜਿਸ ਨੇ 2011-12 ਵਿਚ ਅਸਾਮ ਦੇ ਵਿਰੁੱਧ ਮਹਾਰਾਸ਼ਟਰ ਦੇ ਲਈ ਅਜੇਤੂ 451 ਦੌੜਾਂ ਦੀ ਪਾਰੀ ਖੇਡੀ ਸੀ। ਪ੍ਰਖਰ ਨੇ ਆਪਣੀ ਪਾਰੀ ਵਿਚ 46 ਚੌਕੇ ਤੇ ਤਿੰਨ ਛੱਕੇ ਮਾਰੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਕਸ ’ਤੇ ਲਿੱਖਿਆ ਮੁੰਬਈ ਦੇ ਵਿਰੁੱਧ ਅਜੇਤੂ 404 ਦੌੜਾਂ ਦੀ ਪਾਰੀ ਖੇਡ ਕੇ ਕਰਨਾਟਕ ਦੇ ਪ੍ਰਖਰ ਚਤੁਰਵੇਦੀ ਕੂਚ ਬੇਹਾਰ ਟਰਾਫੀ ਦੇ ਫਾਈਨਲ ਵਿਚ 400 ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ ਹੈ। ਪ੍ਰਖਰ ਦੀ ਮੈਰਾਥਨ ਪਾਰੀ ਨਾਲ ਕਰਨਾਟਕ ਨੇ ਮੁੰਬਈ ਦੇ 380 ਦੌੜਾਂ ਦੇ ਜਵਾਬ ਵਿਚ ਅੱਠ ਵਿਕਟ ’ਤੇ 890 ਦੌੜਾਂ ਬਣਾ ਕੇ ਪਹਿਲੀ ਦੇ ਆਧਾਰ ’ਤੇ ਬੜ੍ਹਤ ਹਾਸਿਲ ਕੀਤੀ। ਮੈਚ ਡਰਾਅ ਰਿਹਾ। ਕਰਨਾਟਕ ਲਈ ਹਰਸ਼ਲ ਦਮਾਨੀ ਨੇ ਵੀ 179 ਦੌੜਾਂ ਦੀ ਪਾਰੀ ਖੇਡੀ। ਪ੍ਰਖਰ ਦੇ 400 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਦੇ ਬਾਅਦ ਦੋਵੇਂ ਕਪਤਾਨ ਮੈਚ ਡਰਾਅ ਕਰਾਉਣ ’ਤੇ ਸਹਿਮਤ ਹੋ ਗਏ।