ਜੇਐੱਨਐੱਨ, ਨਵੀਂ ਦਿੱਲੀ : ਵਿਰੋਧੀ ਧਿਰ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦੀ ਘਟਨਾ ‘ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ‘ਤੇ ਅੜੀ ਹੋਈ ਹੈ। ਲੋਕ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕੇਂਦਰੀ ਮੰਤਰੀ ਦੇ ਬਿਆਨ ਨੂੰ ਲੈ ਕੇ ਵਾਰ-ਵਾਰ ਬੋਲਦਿਆਂ ਲੋਕ ਸਭਾ ਵਿਚ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਹੁਣ ਤੱਕ ਲੋਕ ਸਭਾ ਦੇ 95 ਅਤੇ ਰਾਜ ਸਭਾ ਦੇ 46 ਮੈਂਬਰਾਂ ਸਮੇਤ ਕੁੱਲ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ। ਸੰਸਦ ਮੈਂਬਰਾਂ ਦੀ ਮੁਅੱਤਲੀ ਤੋਂ ਬਾਅਦ ਲੋਕ ਸਭਾ ਸਕੱਤਰੇਤ ਨੇ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਲਈ ਇਕ ਸਰਕੂਲਰ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੂੰ ਸੰਸਦ ਦੇ ਚੈਂਬਰ, ਲਾਬੀ ਅਤੇ ਗੈਲਰੀਆਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।

ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ‘ਤੇ ਬੋਲੇ ਟੀਐੱਮਸੀ ਸੰਸਦ ਮੈਂਬਰ

ਟੀਐੱਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਉਪ ਰਾਸ਼ਟਰਪਤੀ ਦੀ ਨਕਲ ਵਿਵਾਦ ‘ਤੇ ਬਿਆਨ ਦਿੱਤਾ ਹੈ। ਉਸ ਨੇ ਕਿਹਾ, ‘ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਕਦੇ ਨਹੀਂ ਸੀ… ਧਨਖੜ ਸਾਬ੍ਹ ਮੇਰੇ ਤੋਂ ਬਹੁਤ ਸੀਨੀਅਰ ਹਨ… ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਸ ਨੂੰ ਆਪਣੇ ‘ਤੇ ਕਿਉਂ ਲਿਆ ਹੈ। ਮੇਰਾ ਸਵਾਲ ਇਹ ਹੈ ਕਿ ਜੇ ਉਨ੍ਹਾਂ ਨੇ ਇਸ ਨੂੰ ਆਪਣੇ ‘ਤੇ ਲੈ ਲਿਆ ਹੈ, ਤਾਂ ਕੀ ਉਹ ਰਾਜ ਸਭਾ ‘ਚ ਵੀ ਅਜਿਹਾ ਵਿਵਹਾਰ ਕਰਦੇ ਹਨ? 2014-2019 ਦਰਮਿਆਨ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨੇ ਕੀਤੀ ਸੀ ਮਿਮਿਕ੍ਰੀ।’

ਇਹ ਸਾਡੇ ਲੋਕਤੰਤਰ ‘ਤੇ ਕਲੰਕ ਹੈ – ਸ਼ਸ਼ੀ ਥਰੂਰ

ਸੰਸਦ ਦੇ ਬਾਹਰ ਮੁਅੱਤਲ ਸੰਸਦ ਮੈਂਬਰਾਂ ਦਾ ਹੰਗਾਮਾ ਜਾਰੀ ਹੈ। ਵਿਰੋਧੀ ਧਿਰ ਦੇ 141 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, ਇਹ ਸਾਡੇ ਲੋਕਤੰਤਰ ‘ਤੇ ਅਪਮਾਨ ਤੇ ਕਲੰਕ ਹੈ।