ਜਾਗਰਣ ਡਿਜੀਟਲ ਡੈਸਕ, ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਵਿਰੋਧੀ ਧਿਰ ਜਿੱਥੇ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਭਾਜਪਾ ਵੀ ਤਿੰਨ ਸੂਬਿਆਂ ‘ਚ ਜਿੱਤ ਤੋਂ ਬਾਅਦ ਕਾਂਗਰਸ ‘ਤੇ ਹਮਲਾਵਰ ਰੁਖ ਅਪਣਾ ਸਕਦੀ ਹੈ।

ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਚੋਣ ਜਿੱਤਣ ‘ਤੇ ਜਨਤਾ ਦਾ ਕੀਤਾ ਧੰਨਵਾਦ

ਸੰਸਦ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੀਐੱਮ ਮੋਦੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਨੇ ਦਿਖਾ ਦਿੱਤਾ ਹੈ ਕਿ ਵਿਕਾਸ ਦੇ ਸਾਹਮਣੇ ਨਕਾਰਾਤਮਿਕਤਾ ਹਮੇਸ਼ਾ ਅਸਫਲ ਹੋਵੇਗੀ। ਪੀਐੱਮ ਨੇ ਕਿਹਾ ਕਿ ਜਨਤਾ ਹਮੇਸ਼ਾ ਉਸ ਦਾ ਸਮਰਥਨ ਕਰਦੀ ਹੈ ਜੋ ਦੇਸ਼ ਦੇ ਹਿੱਤ ਬਾਰੇ ਸੋਚਦਾ ਹੈ।

ਪੀਐੱਮ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਲੋਕਾਂ ਨੂੰ ਹੁਣ ਸਮਝਣਾ ਹੋਵੇਗਾ ਕਿ ਸਦਨ ਵਿਚ ਚੋਣਾਂ ‘ਚ ਹਾਰ ਦਾ ਗੁੱਸਾ ਕੱਢਣ ਦੀ ਬਜਾਏ ਕੰਮ ਕਰਨਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਮੇਰੀ ਸਲਾਹ ਹੈ ਕਿ ਤੁਹਾਨੂੰ ਨਕਾਰਾਤਿਮਕਤਾ ਛੱਡ ਕੇ ਸਕਾਰਾਤਿਮਕਤਾ ਅਪਣਾਉਣੀ ਪਵੇਗੀ, ਤਾਂ ਹੀ ਜਨਤਾ ਤੁਹਾਨੂੰ ਦੁਬਾਰਾ ਮੌਕਾ ਦੇਵੇਗੀ।

ਵਿਕਾਸ ਅੱਗੇ ਐਂਟੀ ਇਨਕੰਬੈਂਸੀ ਵੀ ਫੇਲ੍ਹ

ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਚੰਗਾ ਸ਼ਾਸਨ ਹੁੰਦਾ ਹੈ, ਜਦੋਂ ਲੋਕ ਭਲਾਈ ਪ੍ਰਤੀ ਸਮਰਪਣ ਹੁੰਦਾ ਹੈ, ਤਾਂ ਸੱਤਾ ਵਿਰੋਧੀ ਸ਼ਬਦ ਵੀ ਅਪ੍ਰਸੰਗਿਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਲੋਕ ਭਲਾਈ ਲਈ ਠੋਸ ਸਕੀਮਾਂ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਜਨਤਾ ਦਾ ਆਸ਼ੀਰਵਾਦ ਜ਼ਰੂਰ ਮਿਲਦਾ ਹੈ।

ਮਹੂਆ ਮੋਇਤਰਾ ਨੂੰ ਲੈ ਕੇ ਹੋ ਸਕਦਾ ਹੰਗਾਮਾ

ਅੱਜ ਸੰਸਦ ਦੇ ਸੈਸ਼ਨ ਦੌਰਾਨ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਬਾਰੇ ਸਦਨ ਦੀ ਨੈਤਿਕਤਾ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਨੂੰ ਲੈ ਕੇ ਸਦਨ ਵਿਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਪੈਸਿਆਂ ਦੇ ਬਦਲੇ ਸਵਾਲ ਪੁੱਛਣ ‘ਤੇ ਮਹੂਆ ਨੂੰ ਕੱਢਣ ਦੀ ਸਿਫਾਰਿਸ਼ ਕੀਤੀ ਗਈ ਹੈ।

ਵਿਰੋਧੀ ਧਿਰ ਕਰੇਗੀ ਮੀਟਿੰਗ

ਸਰਦ ਰੁੱਤ ਸੈਸ਼ਨ ਲਈ ਰਣਨੀਤੀ ਬਣਾਉਣ ਲਈ ਕਾਂਗਰਸ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰ ਰਹੀ ਹੈ। ਕਾਂਗਰਸ ਪ੍ਰਧਾਨ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਬੈਠਕ ‘ਚ ਏਜੰਡਾ ਤੈਅ ਕੀਤਾ ਜਾਵੇਗਾ।