ਡਿਜੀਟਲ ਡੈਸਕ, ਨਵੀਂ ਦਿੱਲੀ: 17ਵੀਂ ਲੋਕ ਸਭਾ ਦਾ 14ਵਾਂ ਸੈਸ਼ਨ ਵੀਰਵਾਰ ਨੂੰ ਸਮਾਪਤ ਹੋ ਗਿਆ। ਦੱਸ ਦੇਈਏ ਕਿ ਚਾਰ ਦਸੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਹੋਈ ਸੀ ਅਤੇ 21 ਦਸੰਬਰ ਨੂੰ ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਪਣੇ ਵਿਦਾਇਗੀ ਭਾਸ਼ਣ ‘ਚ ਸਦਨ ਦੇ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰਾਂ ਨੂੰ ਦੱਸਿਆ ਕਿ 4 ਦਸੰਬਰ 2023 ਨੂੰ ਸ਼ੁਰੂ ਹੋਏ ਸ਼ੈਸ਼ਨ ਦੌਰਾਲ 14 ਬੈਠਕਾਂ ਹੋਈਆਂ, ਜੋ ਲਗਪਗ 61 ਘੰਟੇ 50 ਮਿੰਟ ਤੱਕ ਚੱਲੀਆਂ। ਉਨ੍ਹਾਂ ਦੱਸਿਆ ਲੋਕ ਸਭਾ ਦੇ 14ਵੇਂ ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 74 ਫ਼ੀਸਦੀ ਰਹੀ। ਓਮ ਬਿਰਲਾ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸੈਸ਼ਨ ਦੌਰਾਨ 12 ਸਰਕਾਰੀ ਬਿੱਲ ਮੁੜ ਸਥਾਪਿਤ ਕੀਤੇ ਗਏ ਅਤੇ 18 ਬਿੱਲ ਪਾਸ ਕੀਤੇ ਗਏ।

ਲੋਕ ਸਭਾ ਤੋਂ ਪਾਸ ਕੁਝ ਅਹਿਮ ਬਿੱਲ:

1. ਭਾਰਤੀ ਨਿਆਂ (ਦੂਜਾ) ਜਾਬਤਾ 2023

2. ਭਾਰਤੀ ਨਾਗਰਿਕ ਸੁਰੱਖਿਆ (ਦੂਜਾ) ਜਾਬਤਾ 2023

3. ਭਾਰਤੀ ਸਬੂਤ (ਦੂਜਾ) ਬਿੱਲ 2023

4. ਕੇਂਦਰੀ ਵਸਤੂ ਤੇ ਸੇਵਾ ਕਰ (ਦੂਜੀ ਸੋਧ) ਬਿੱਲ 2023

5. ਦੂਰਸੰਚਾਰ ਬਿੱਲ 2023

ਲੋਕ ਸਭਾ ‘ਚ ਕਿੰਨਾ ਹੋਇਆ ਕੰਮਕਾਜ?

ਸਾਲ 2023-24 ਲਈ ਗ੍ਰਾਂਟਾਂ ਦੀਆਂ ਪੂਰਕ ਮੰਗਾਂ ਨੂੰ ਅਤੇ ਸਾਲ 2020-21 ਲਈ ਵਾਧੂ ਗ੍ਰਾਂਟਾਂ ਦੀਆਂ ਮੰਗਾਂ ਨੂੰ ਮਤਦਾਨ ਉਪਰੰਤ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ 55 ਪ੍ਰਸ਼ਨਾਂ ਦੇ ਮੌਖ਼ਕ ਉੱਤਰ ਦਿੱਤੇ ਗਏ ਅਤੇ ਨਿਯਮ 377 ਤਹਿਤ ਕੁੱਲ 265 ਮਾਮਲੇ ਉਠਾਏ ਗਏ। ਸੈਸ਼ਨ ਦੌਰਾਨ ਜ਼ਰੂਰੀ ਜਨਤਕ ਮਹੱਤਵ ਦੇ 182 ਮਾਮਲੇ ਉਠਾਏ ਗਏ।

ਓਮ ਬਿਰਲਾ ਨੇ ਸਦਨ ਦਾ ਧਿਆਨ ਇਸ ਪਾਸੇ ਦਿਵਾਇਆ ਕਿ ਲੋਕ ਸਭਾ ਦੀਆਂ ਵਿਭਾਗਾਂ ਨਾਲ ਸਬੰਧਤ ਸਥਾਈ ਸੰਮਤੀਆਂ ਨੇ 35 ਰਿਪੋਰਟਾਂ ਪੇਸ਼ ਕੀਤੀਆਂ। ਨਿਰਦੇਸ਼ 73ਕ ਤਹਿਤ 33 ਭਾਸ਼ਣ ਦਿੱਤੇ ਗਏ ਅਤੇ ਸੰਸਦੀ ਕਾਰਜ ਦੇ ਸਬੰਧ ‘ਚ ਸੰਸਦੀ ਕਾਰਜ ਮੰਤਰੀ ਵੱਲੋਂ ਦਿੱਤੇ ਗਏ ਤਿੰਨ ਭਾਸ਼ਣਾਂ ਸਣੇ ਕੁੱਲ 34 ਭਾਸ਼ਣ ਦਿੱਤੇ ਗਏ। ਓਮ ਬਿਰਲਾ ਨੇ ਇਹ ਵੀ ਦੱਸਿਆ ਕਿ ਸੈਸ਼ਨ ਦੌਰਾਨ ਕੁੱਲ 1930 ਦਸਤਾਵੇਜ਼ ਸਭਾ ‘ਚ ਰੱਖੇ ਗਏ।