ਸੰਸਦ ਦੀ ਸੁਰੱਖਿਆ ’ਤੇ ਕਈ ਤਰ੍ਹਾਂ ਦੇ ਸਵਾਲ ਉੱਠ ਖਲੋਏ ਹਨ। ਸੰਸਦ ’ਤੇ ਭਿਆਨਕ ਅੱਤਵਾਦੀ ਹਮਲੇ ਦੀ ਬਰਸੀ ਵਾਲੇ ਦਿਨ ਦੋ ਨੌਜਵਾਨ ਸੁਰੱਖਿਆ ਇੰਤਜ਼ਾਮਾਂ ’ਚ ਸੰਨ੍ਹ ਲਾਉਂਦੇ ਹੋਏ ਲੋਕ ਸਭਾ ਦੇ ਅੰਦਰ ਦਰਸ਼ਕਾਂ ਦੇ ਬੈਠਣ ਵਾਲੀ ਜਗ੍ਹਾ ਤੱਕ ਚਲੇ ਗਏ। ਉਹ ਫਿਰ ਉੱਥੋਂ ਛਾਲ਼ ਮਾਰ ਕੇ ਸਦਨ ’ਚ ਆ ਗਏ।

ਫਿਰ ਉਨ੍ਹਾਂ ਨੇ ਸਮੋਕ ਬੰਬ ਜਿਹੀ ਸਮੱਗਰੀ ਦੀ ਵਰਤੋਂ ਕਰ ਕੇ ਸਦਨ ’ਚ ਚੁਫ਼ੇਰੇ ਧੂੰਆਂ ਕਰ ਦਿੱਤਾ। ਦਰਸ਼ਕਾਂ ਦੇ ਬੈਠਣ ਵਾਲੀ ਜਗ੍ਹਾ ’ਤੇ ਕੋਈ ਵਿਅਕਤੀ ਆਪਣੇ ਨਾਲ ਇਕ ਕਾਗਜ਼ ਤੱਕ ਨਹੀਂ ਲਿਜਾ ਸਕਦਾ। ਉੱਥੇ ਦੋ ਨੌਜਵਾਨ ਧੂੰਆਂ ਫੈਲਾਉਣ ਵਾਲੀ ਸਮੱਗਰੀ ਲੈ ਕੇ ਕਿਵੇਂ ਪੁੱਜ ਗਏ, ਇਸ ਦੀ ਨਾ ਸਿਰਫ਼ ਡੂੰਘੇਰੀ ਜਾਂਚ ਹੋਣੀ ਚਾਹੀਦੀ ਹੈ ਸਗੋਂ ਸੰਸਦ ਦੇ ਨਵੇਂ ਭਵਨ ਦੀ ਸੁਰੱਖਿਆ ਵਿਵਸਥਾ ਦੀ ਨਵੇਂ ਸਿਰੇ ਤੋਂ ਸਮੀਖਿਆ ਵੀ ਕੀਤੀ ਜਾਣੀ ਚਾਹੀਦੀ ਹੈ।

ਤੇਰਾਂ ਦਸੰਬਰ ਨੂੰ ਤਾਂ ਸੰਸਦ ਦੀ ਸੁਰੱਖਿਆ ਵਿਵਸਥਾ ਹੋਰ ਵੀ ਜ਼ਿਆਦਾ ਚੌਕਸ ਹੋਣੀ ਚਾਹੀਦੀ ਸੀ ਕਿਉਂਕਿ 22 ਵਰ੍ਹੇ ਪਹਿਲਾਂ ਇਸੇ ਦਿਨ ਉੱਥੇ ਭਿਆਨਕ ਅੱਤਵਾਦੀ ਹਮਲਾ ਨਾਕਾਮ ਕਰਨ ਵਿਚ ਸਾਡੇ ਕਈ ਸੁਰੱਖਿਆ ਜਵਾਨਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਸਨ। ਉਂਜ ਇਸ ਗੱਲ ਤੋਂ ਬਚਾਅ ਹੀ ਰਿਹਾ ਕਿ ਸਦਨ ’ਚ ਛਾਲ਼ ਮਾਰ ਕੇ ਪੁੱਜੇ ਨੌਜਵਾਨਾਂ ਕੋਲ ਕੋਈ ਹੋਰ ਘਾਤਕ ਤੇ ਖ਼ਤਰਨਾਕ ਸਮੱਗਰੀ ਨਹੀਂ ਸੀ ਪਰ ਉਹ ਕਿਸੇ ਦਾ ਨੁਕਸਾਨ ਤਾਂ ਕਰ ਹੀ ਸਕਦੇ ਸਨ। ਭਾਵੇਂ ਇਨ੍ਹਾਂ ਨੌਜਵਾਨਾਂ ਦੀ ਹਰਕਤ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਪੁੱਜਾ ਹੋਵੇ ਪਰ ਇਹ ਕਲਪਨਾ ਕਰਨੀ ਔਖੀ ਨਹੀਂ ਹੈ ਕਿ ਉਹ ਸਮੋਕ ਬੰਬ ਜਾਂ ਕਿਸੇ ਆਤਿਸ਼ਬਾਜ਼ੀ ਦੇ ਪਟਾਕੇ ਜਿਹੀ ਕੋਈ ਜ਼ਹਿਰੀਲੀ ਗੈਸ ਫੈਲਾਉਣ ਵਾਲੀ ਸਮੱਗਰੀ ਵੀ ਲਿਜਾ ਸਕਦੇ ਸਨ। ਸੰਸਦ ਦੀ ਕਈ ਪੱਧਰਾਂ ਵਾਲੀ ਭਾਰੀ ਸੁਰੱਖਿਆ ਵਿਵਸਥਾ ਨੂੰ ਚੀਰ ਕੇ ਅੰਦਰ ਚਲੇ ਜਾਣਾ ਇਕ ਬਹੁਤ ਗੰਭੀਰ ਮਾਮਲਾ ਹੈ।

ਇਸ ਮਾਮਲੇ ਦੀ ਇਸ ਲਈ ਕਿਤੇ ਵੱਧ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਵੇਲੇ ਇਹ ਨੌਜਵਾਨ ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ ਛਾਲ਼ ਮਾਰ ਕੇ ਅੱਗੇ ਸਦਨ ’ਚ ਗਏ ਤਾਂ ਉੱਥੇ ਹੰਗਾਮਾ ਮਚ ਗਿਆ ਅਤੇ ਸਮੁੱਚੇ ਦੇਸ਼ ’ਚ ਸਨਸਨੀ ਫੈਲ ਗਈ। ਉਸੇ ਵੇਲੇ ਸਦਨ ਦੇ ਬਾਹਰ ਇਕ ਨੌਜਵਾਨ ਤੇ ਲੜਕੀ ਨੇ ਧੂੰਆਂ ਛੱਡਣ ਵਾਲੀ ਸਮੱਗਰੀ ਦੀ ਵਰਤੋਂ ਕਰਦਿਆਂ ਪ੍ਰਦਰਸ਼ਨ ਕੀਤਾ।

ਸਪਸ਼ਟ ਹੈ ਕਿ ਇਨ੍ਹਾਂ ਚਾਰੇ ਵਿਅਕਤੀਆਂ ਨੇ ਬੜੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਹ ਸਭ ਕੀਤਾ। ਇਹ ਚਾਰ ਜਣੇ ਕਿਉਂਕਿ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਨਾਲ ਸਬੰਧਤ ਹਨ, ਇਸ ਲਈ ਇਸ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਕਿ ਸਦਨ ’ਚ ਛਾਲ਼ ਮਾਰ ਕੇ ਪੁੱਜੇ ਨੌਜਵਾਨਾਂ ਨੇ ਮੈਸੂਰ ਦੇ ਭਾਜਪਾ ਐੱਮਪੀ ਪ੍ਰਤਾਪ ਸਿਨਹਾ ਤੋਂ ਲੋਕ ਸਭਾ ਦੀ ਦਰਸ਼ਕ ਗੈਲਰੀ ਤੱਕ ਜਾਣ ਦਾ ਪਾਸ ਕਿਵੇਂ ਹਾਸਲ ਕਰ ਲਿਆ? ਕੀ ਇਹ ਪਾਸ ਲੈਣਾ ਇੰਨਾ ਹੀ ਸੁਖਾਲ਼ਾ ਹੈ?

ਪ੍ਰਤਾਪ ਸਿਨਹਾ ਆਪਣੀ ਸਫ਼ਾਈ ’ਚ ਜੋ ਮਰਜ਼ੀ ਆਖਣ, ਇਸ ਤੋਂ ਖ਼ਰਾਬ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਕੋਈ ਸੰਸਦ ਮੈਂਬਰ ਜਾਂ ਫਿਰ ਉਸ ਦਾ ਸਹਾਇਕ ਕਿਸੇ ਨੂੰ ਠੀਕ ਤਰ੍ਹਾਂ ਜਾਣੇ ਬਿਨਾਂ ਸੰਸਦ ਦੀ ਦਰਸ਼ਕ ਗੈਲਰੀ ਦਾ ਪਾਸ ਦੇ ਦੇਵੇ। ਇਸ ਗੱਲ ਤੋਂ ਵੀ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਸਨਸਨੀ ਪੈਦਾ ਕਰਨ ਵਾਲੀ ਘਟਨਾ ਤੋਂ ਬਾਅਦ ਸੰਸਦ ਮੈਂਬਰਾਂ ਵੱਲੋਂ ਵਿਜ਼ਿਟਰ ਪਾਸ ਦੇਣ ’ਤੇ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਇਹ ਪ੍ਰਸ਼ਨ ਚਿੰਤਾਜਨਕ ਤੇ ਪਰੇਸ਼ਾਨ ਕਰਨ ਵਾਲਾ ਹੈ ਕਿ ਆਖ਼ਰ ਸੰਸਦ ਦੇ ਸੁਰੱਖਿਆ ਕਰਮਚਾਰੀ ਲੋਕ ਸਭਾ ਦੀ ਦਰਸ਼ਕ ਗੈਲਰੀ ਤੱਕ ਪੁੱਜੇ ਨੌਜਵਾਨਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨ ’ਚ ਨਾਕਾਮ ਕਿਵੇਂ ਰਹੇ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ’ਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।