ਏਐੱਨਆਈ, ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੰਸਦ ਸੁਰੱਖਿਆ ਸੰਨ੍ਹ ਮਾਮਲੇ ਵਿਚ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਮੁੱਖ ਮੁਲਜ਼ਮ ਨਾਲ ਕੋਈ ਸਬੰਧ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਹੇਸ਼ ਅਤੇ ਕੈਲਾਸ਼ ਵਜੋਂ ਹੋਈ ਹੈ। ਫਿਲਹਾਲ ਸਪੈਸ਼ਲ ਸੈੱਲ ਇਨ੍ਹਾਂ ਦੋਵਾਂ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਨੇ ਦਿੱਤੀ ਹੈ।

ਆਤਮ ਸਮਰਪਣ ਤੋਂ ਪਹਿਲਾਂ ਸਾੜ ਦਿੱਤੇ ਫੋਨ

ਸੰਸਦ ਭਵਨ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਮਾਸਟਰ ਮਾਈਂਡ ਲਲਿਤ ਝਾਅ ਨੇ ਦਿੱਲੀ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੰਸਦ ਸੁਰੱਖਿਆ ਸੰਨ੍ਹ ਮਾਮਲੇ ਦੇ ਪੰਜਵੇਂ ਦੋਸ਼ੀ ਅਤੇ ਮਾਸਟਰਮਾਈਂਡ ਲਲਿਤ ਝਾਅ ਨੇ ਰਾਜਸਥਾਨ ਦੇ ਕੁਚਮਨ ਭੱਜਣ ਤੋਂ ਬਾਅਦ ਆਪਣੇ ਦੋਸਤ ਮਹੇਸ਼ ਦੇ ਨਾਲ ਆਪਣੇ ਕਈ ਸਾਥੀਆਂ ਦੇ ਮੋਬਾਈਲ ਫੋਨਾਂ ਨੂੰ ਸਾੜ ਦਿੱਤਾ ਸੀ। ਦਰਅਸਲ ਲਲਿਤ ਦੇ ਸਾਥੀਆਂ ਨੇ ਆਪਣੇ ਮੋਬਾਈਲ ਉਸ ਨੂੰ ਸੌਂਪ ਦਿੱਤੇ ਸਨ, ਤਾਂ ਜੋ ਪੁਲਿਸ ਅੱਗੇ ਦੀ ਜਾਂਚ ਵਿੱਚ ਸਬੂਤ ਨਾ ਲੱਭ ਸਕੇ।