ਜਾਸ, ਜੀਂਦ: ਲੋਕ ਸਭਾ ਵਿੱਚ ਸੁਰੱਖਿਆ ‘ਚ ਕੁਤਾਹੀ ਮਾਮਲੇ ਵਿੱਚ ਫੜੀ ਗਈ ਪਿੰਡ ਘਸੋ ਖੁਰਦ ਨਿਵਾਸੀ ਨੀਲਮ ਪੜ੍ਹਾਈ ਵਿੱਚ ਹੁਸ਼ਿਆਰ ਹੈ। ਨੀਲਮ ਐੱਮਏ,ਐੱਮਫਿਲ, ਨੈਟ ਕੁਆਲੀਫਾਈਡ, ਸੀਟੈੱਟ, ਐੱਚ ਟੈੱਟ ਕੁਆਲੀਫਾਈ ਹੈ। ਨੀਲਮ ਦੇ ਪਿਤਾ ਕੋਹਰ ਸਿੰਘ ਉਚਾਣਾ ਮੰਡੀ ਵਿੱਚ ਹਲਵਾਈ ਦਾ ਕੰਮ ਕਰਦੇ ਹਨ।

ਨੀਲਮ ਦੇ ਪਰਿਵਾਰ ਵਿੱਚ ਤਿੰਨ ਭੈਣਾ, ਦੋ ਭਰਾ ਤੇ ਮਾਤਾ-ਪਿਤਾ ਹਨ। ਉਨ੍ਹਾਂ ਦੇ ਚਾਚਾ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਪਿਛਲੇ ਦਿਨੀਂ ਨੀਲਮ ਪਿੰਡ ਵਿੱਚ ਲਾਇਬ੍ਰੇਰੀ ਚਲਾ ਰਹੀ ਸੀ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਸੀ।

ਪਿੰਡ ਦੇ ਲੋਕਾਂ ਨੇ ਪ੍ਰਗਟਾਇਆ ਸੀ ਇਤਰਾਜ਼

ਬੱਚਿਆਂ ਨਾਲ ਭੜਕਾਊ ਗੱਲ ਕਰਨ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ। ਜਿਸ ਤੋਂ ਬਾਅਦ ਨੀਲਮ ਨੇ ਬੱਚਿਆਂ ਨੂੰ ਪੜ੍ਹਾਉਣਾ ਬੰਦ ਕਰ ਦਿੱਤਾ ਸੀ। ਨੀਲਮ ਕਿਸਾਨ ਅੰਦੋਲਨ ਤੋਂ ਲੈ ਕੇ ਦੂਜੇ ਧਰਨੇ-ਪ੍ਰਦਰਸ਼ਨਾਂ ਵਿੱਚ ਵੀ ਕਾਫ਼ੀ ਸਰਗਰਮ ਰਹਿੰਦੀ ਸੀ।

ਨੀਲਮ ਦੀ ਮਾਂ ਨਾਲ ਸਵੇਰੇ ਹੋਈ ਸੀ ਗੱਲ

ਨੀਲਮ ਦੀ ਮਾਂ ਸਰਸਵਤੀ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਸਵੇਰੇ ਗੱਲ ਹੋਈ ਸੀ। ਨੀਲਮ ਕਹਿ ਰਹੀ ਸੀ ਕਿ ਧਿਆਨ ਨਾਲ ਦਵਾਈ ਲੈ ਲੈਣੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਦਿੱਲੀ ਗਈ ਹੋਈ ਹੈ। ਉਸ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਉਸ ਨੇ ਇਹ ਕਦਮ ਚੁੱਕਿਆ। ਨੌਕਰੀ ਲਈ ਬੇਸ਼ੱਕ ਅਜਿਹਾ ਕੀਤਾ ਹੋਵੇ।

ਨੀਲਮ ਬੇਰੁ਼ਜ਼ਗਾਰੀ, ਵਿਦਿਆਰਥੀਆਂ ਨਾਲ ਨਾਇਨਸਾਫ਼ੀ ਦੇ ਖਿ਼ਲਾਫ਼ ਰਹੀ ਹੈ। ਨੀਲਮ ਇਸ ਸਮੇਂ ਹਰਿਆਣਾ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਹਿਸਾਰ ਦੇ ਪੀਜੀ ਵਿੱਚ ਰਹਿ ਰਹੀ ਸੀ। 25 ਨਵੰਬਰ ਨੂੰ ਘਰੋਂ ਪੀਜੀ ਲਈ ਨਿਕਲੀ ਸੀ ਅਤੇ ਉਸ ਤੋਂ ਬਾਅਦ ਘਰ ਨਹੀਂ ਆਈ ਸੀ।

ਐੱਸਐੱਚਓ ਨੇ ਨੀਲਮ ਦੇ ਪੀਜੀ ‘ਚ ਲਈ ਤਲਾਸ਼ੀ

ਰਾਮਪੁਰਾ ਮੁਹੱਲਾ ਸਥਿਤ ਨੀਲਮ ਦੇ ਪੀਜੀ ਵਿੱਚ ਥਾਣਾ ਐੱਸਐੱਮਓ ਨੇ ਕਮਰੇ ਦੀ ਤਲਾਸ਼ੀ ਲਈ। ਕਮਰੇ ਵਿੱਚ ਰਹਿਣ ਵਾਲੀਆਂ ਦੋ ਹੋਰ ਲੜਕੀਆਂ ਦੇ ਸਾਮਾਨ ਨੂੰ ਦੂਜੇ ਕਮਰੇ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਪੁਲਿਸ ਕਮਰੇ ਨੂੰ ਸੀਲ ਕਰਨ ਦੀ ਤਿਆਰੀ ਕਰ ਰਹੀ ਹੈ। ਕਮਰੇ ਵਿੱਚ ਨੀਲਮ ਦੀ ਪੜ੍ਹਾਈ ਨਾਲ ਸਬੰਧਿਤ ਕਿਤਾਬਾਂ ਮਿਲੀਆਂ ਹਨ ਅਤੇ ਇਕ ਬੈਗ ਵਿੱਚ ਉਸ ਦੇ ਕੱਪੜੇ ਮਿਲੇ ਹਨ।