ਡਿਜੀਟਲ ਡੈਸਕ, ਚੰਡੀਗੜ੍ਹ : (Padma Awards 2024) : ਕੇਂਦਰ ਸਰਕਾਰ ਨੇ ਗਣਤੰਤਰ ਦਿਵਸ (Republic Day 2024) ਦੀ ਪੂਰਬਲੀ ਸ਼ਾਮ ਦੇਸ਼ ਦੀਆਂ 132 ਮਸ਼ਹੂਰ ਹਸਤੀਆਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਇਸ ਲੜੀ ‘ਚ ਪੰਜਾਬ ਦੇ ਦੋ ਕਲਾਕਾਰਾਂ ਦੇ ਨਾਂ ਵੀ ਇਸ ਸੂਚੀ ‘ਚ ਸ਼ਾਮਲ ਹਨ। ਇਨ੍ਹਾਂ ‘ਚ ਪੰਜਾਬ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਅਤੇ ਅਦਾਕਾਰ ਪ੍ਰਾਣ ਸੱਭਰਵਾਲ (Pran Sabharwal) ਵੀ ਸ਼ਾਮਲ ਹਨ। ਕਲਾ ਦੇ ਖੇਤਰ ‘ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦੋਵਾਂ ਦਿੱਗਜ ਕਲਾਕਾਰਾਂ ਨੂੰ ਭਾਰਤ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਤੇ ਅਦਾਕਾਰ ਪ੍ਰਾਣ ਸੱਭਰਵਾਲ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ।

ਨਿਰਮਲ ਰਿਸ਼ੀ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ

ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਸਾਲ 1943 ‘ਚ ਜਨਮੀ ਅਦਾਕਾਰਾ ਨਿਰਮਲ ਰਿਸ਼ੀ ਪੰਜਾਬ ਫਿਲਮ ਇੰਡਸਟਰੀ ‘ਚ ਵੱਡਾ ਨਾਂ ਹੈ। ਅਦਾਕਾਰਾ ਨੇ ਸਾਲ 1983 ‘ਚ ਹਰਪਾਲ ਟਿਵਾਣਾ ਦੀ ਫਿਲਮ ‘ਲੌਂਗ ਦਾ ਲਸ਼ਕਾਰਾ’ ਨਾਲ ਫਿਲਮਾਂ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਭੂਮਿਕਾ ਗੁਲਾਬੋ ਮਾਸੀ ਦੀ ਸੀ। ਫਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਨਿਰਮਲ ਨੂੰ ਪੰਜਾਬ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਫਿਲਮਾਂ ‘ਚ ਆਪਣੀ ਅਦਾਕਾਰੀ ਦੀ ਇਕ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਅੱਜ ਵੀ ਨਿਰਮਲ ਰਿਸ਼ੀ ਫਿਲਮਾਂ ‘ਚ ਇਕ ਸਾਈਡ ਐਕਟਰ ਵਜੋਂ ਇੱਕ ਪ੍ਰਸਿੱਧ ਚਿਹਰਾ ਹੈ।

ਨਿਰਮਲ ਨੂੰ ਸਕੂਲੀ ਸਮੇਂ ਤੋਂ ਹੀ ਸੀ ਅਦਾਕਾਰੀ ‘ਚ ਦਿਲਚਸਪੀ

ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਅਦਾਕਾਰੀ ‘ਚ ਦਿਲਚਸਪੀ ਲੈਂਦੀ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਨਿਰਮਲ ਨੇ ਹੁਣ ਤੱਕ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ‘ਚ ਉਨ੍ਹਾਂ ਲੇਖ, ਮਾਂ ਦਾ ਲਾਡਲਾ, ਸ਼ੇਰ ਬੱਗਾ ਤੇ ਦਿ ਗ੍ਰੇਟ ਸਰਦਾਰ ਸਮੇਤ ਬਹੁਤ ਸਾਰੀਆਂ ਫਿਲਮਾਂ ‘ਚ ਸਾਈਡ ਰੋਲ ਨਿਭਾਏ ਹਨ ਅਤੇ ਫਿਲਮਾਂ ਨੂੰ ਆਪਣੀ ਅਦਾਕਾਰੀ ਨਾਲ ਜੀਵੰਤ ਕੀਤਾ ਹੈ। ਨਿਰਮਲ ਰਿਸ਼ੀ ‘ਹਾਂਜੀ ਦੇ ਲੱਗਦਿਆ… ਓਹ ਤੇਰਾ ਪਿਉ ਗਿਆ ਤੇਰੀ ਮਾਂ ਮਗਰ, ਤੈਨੂ ਪਤਾ ਵੇ ਕਿੱਥੇ ਗਏ ਨੇ ? ਤੈਨੂੰ ਸਭ ਪਤਾ ਏ ਤੂ ਸੌ ਕੁੱਤਿਆਂ ਦਾ ਕੁੱਤਾ ਹੈ…’ ਜਿਵੇਂ ਹਾਸ ਡਾਇਲਾਗ ਲਈ ਖੂਬ ਮਸ਼ਹੂਰ ਹਨ।

ਪ੍ਰਾਣ ਸੱਭਰਵਾਲ, ਜਿਨ੍ਹਾਂ ਨੇ ਸਿਨੇਮਾ ਦੇ ਨਾਂ ਦੀ ਜ਼ਿੰਦਗੀ

ਪ੍ਰਾਣ ਸੱਭਰਵਾਲ ਪੰਜਾਬ ਫਿਲਮ ਇੰਡਸਟਰੀ ਦੇ ਤਜਰਬੇਕਾਰ ਤੇ ਪ੍ਰਸਿੱਧ ਕਲਾਕਾਰ ਵੀ ਹਨ। 1930 ‘ਚ ਜਲੰਧਰ, ਪੰਜਾਬ ‘ਚ ਜਨਮੇ ਪ੍ਰਾਣ ਨੂੰ ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਬਚਪਨ ‘ਚ ਉਹ ਆਪਣੇ ਚਾਚੇ ਨਾਲ ਰਾਮਲੀਲਾ ਦੇਖਣ ਜਾਂਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਅਦਾਕਾਰੀ ‘ਚ ਰੁਚੀ ਵਧਦੀ ਗਈ। 1952 ‘ਚ ਉਹ ਜਲੰਧਰ ‘ਚ ਮਸ਼ਹੂਰ ਬਾਲੀਵੁੱਡ ਅਭਿਨੇਤਾ ਪ੍ਰਿਥਵੀਰਾਜ ਕਪੂਰ ਨੂੰ ਮਿਲਿਆ। ਉਹ ਉਨ੍ਹਾਂ ਤੋਂ ਬਹੁਤ ਪ੍ਰੇਰਿਤ ਸਨ ਤੇ ਇੱਥੋਂ ਹੀ ਉਨ੍ਹਾਂ ਦੀ ਸਿਨੇਮਾ ਵਿੱਚ ਦਿਲਚਸਪੀ ਵਧ ਗਈ।

ਉਨ੍ਹਾਂ ਅਦਾਕਾਰ ਵਜੋਂ ਸ਼ੁਰੂਆਤ ਨਿਰਦੇਸ਼ਕ ਹਰਬਖਸ਼ ਸਿੰਘ ਲੱਟਾ ਦੀ 1980 ‘ਚ ਆਈ ਫਿਲਮ ‘ਸਰਦਾਰਾ ਕਰਤਾਰਾ’ ‘ਚ ਕੀਤੀ। ਪ੍ਰਾਣ ਨੇ ਕਈ ਸਥਾਨਕ ਥੀਏਟਰਾਂ ‘ਚ ਵੀ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। 93 ਸਾਲਾ ਪ੍ਰਾਣ ਸੱਭਰਵਾਲ ਪਟਿਆਲਾ ਦੇ ਅਨੁਭਵੀ ਥੀਏਟਰ ਅਦਾਕਾਰ ਹਨ। ਉਹ ਸੱਤ ਦਹਾਕਿਆਂ ‘ਚ ਪੰਜ ਹਜ਼ਾਰ ਤੋਂ ਵੱਧ ਥੀਏਟਰ ਕਰ ਚੁੱਕੇ ਹਨ।