ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ (Amit Shah) ਨੇ ਪ੍ਰਾਇਮਰੀ ਖੇਤੀ ਕਰਜ਼ਾ ਕਮੇਟੀਆਂ (ਪੈਕਸ) ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਪੂਰਾ ਕਰਨ ਲਈ ਦੇਸ਼ ਭਰ ਦੀਆਂ 2373 ਪੈਕਸਾਂ ਨੂੰ ਜਨ ਔਸ਼ਧੀ ਕੇਂਦਰ ਦੇ ਰੂਪ ’ਚ ਸਥਾਪਤ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿਰਫ਼ ਸ਼ਹਿਰਾਂ ਦੇ ਗ਼ਰੀਬਾਂ ਨੂੰ ਹੀ 10 ਰੁਪਏ ਤੋਂ 30 ਰੁਪਏ ਤੱਕ ਸਸਤੀਆਂ ਦਵਾਈਆਂ ਮਿਲ ਰਹੀਆਂ ਸਨ। ਹੁਣ ਇਸ ਜ਼ਰੀਏ ਪਿੰਡਾਂ ਦੇ ਗ਼ਰੀਬਾਂ ਨੂੰ ਵੀ ਦਵਾਈਆਂ ਮਿਲ ਸਕਣਗੀਆਂ। ਪੰਜ ਸੂਬਿਆਂ ਬਿਹਾਰ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਮਹਾਰਾਸ਼ਟਰ ਤੇ ਆਂਧਰ ਪ੍ਰਦੇਸ਼ ਦੇ ਪੈਕਸਾਂ ਨੂੰ ਜਨ ਔਸ਼ਧੀ ਕੇਂਦਰਾਂ ਦੇ ਸੰਚਾਲਨ ਲਈ ਕਰਵਾਏ ਗਏ ਸਟੋਰ ਕੋਡ ਵੰਡ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨੌਂ ਸਾਲਾਂ ’ਚ ਜਨ ਔਸ਼ਧੀ ਕੇਂਦਰਾਂ ਜ਼ਰੀਏ ਗ਼ਰੀਬਾਂ ਨੂੰ ਬਹੁਤ ਲਾਭ ਹੋਇਆ ਹੈ। ਇਸ ਨਾਲ ਤਕਰੀਬਨ 25 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਸ ਦਾ ਦਾਇਰਾ ਵਧਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਦਸ ਹਜ਼ਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਹਨ, ਜਿਨ੍ਹਾਂ ’ਚ 2260 ਤੋਂ ਜ਼ਿਆਦਾ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਕਈ ਸਾਲਾਂ ਤੋਂ ਫਾਰਮੇਸੀ ਦੇ ਖੇਤਰ ’ਚ ਭਾਰਤ ਦੁਨੀਆ ’ਚ ਮੋਹਰੀ ਰਿਹਾ ਹੈ। ਪਿਛਲੇ ਦਸ ਸਾਲਾਂ ’ਚ ਕਈ ਸੁਧਾਰ ਕੀਤੇ ਗਏ। ਅੱਜ ਦੁਨੀਆ ’ਚ ਭਾਰਤ ਫਾਰਮਾ ਉਤਪਾਦਕ ਦੇਸ਼ ਬਣ ਗਿਆ ਹੈ ਪਰ ਵਿਡੰਬਨਾ ਇਹ ਸੀ ਕਿ ਦੁਨੀਆ ਭਰ ਨੂੰ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਭਾਰਤ ਦੀ 60 ਕਰੋੜ ਆਬਾਦੀ ਨੂੰ ਮਹਿੰਗੀ ਹੋਣ ਕਾਰਨ ਦਵਾਈਆਂ ਨਹੀਂ ਮਿਲ ਰਹੀਆਂ ਸਨ। ਜੈਨਰਿਕ ਦਵਾਈਆਂ ਦਾ ਪ੍ਰਬੰਧ ਹੋਣ ਨਾਲ ਪੇਂਡੂ ਇਲਾਕਿਆਂ ’ਚ ਵੀ ਸਿਹਤ ਦੇ ਖੇਤਰ ’ਚ ਬਹੁਤ ਸੁਧਾਰ ਹੋਇਆ ਹੈ।

ਸ਼ਾਹ ਨੇ ਕਿਹਾ ਕਿ ਜੈਨਰਿਕ ਤੇ ਸਸਤੀ ਐੱਚਆਈਵੀ ਦਵਾਈ ’ਚ ਭਾਰਤ ਦਾ ਦੁਨੀਆ ’ਚ ਪਹਿਲਾ ਸਥਾਨ ਹੈ। ਵੈਕਸੀਨ ਦੀ ਸਪਲਾਈ ’ਚ ਵੀ ਇਹੋ ਸਥਿਤੀ ਹੈ। ਫਾਰਮਾ ਤੇ ਬਾਇਓਟੈੱਕ ਪ੍ਰੋਫੈਸ਼ਨਲ ਤਿਆਰ ਕਰਨ ’ਚ ਦੂਜੇ ਤੇ ਦਵਾਈਆਂ ਦੇ ਸਮੁੱਚੇ ਉਤਪਾਦਨ ’ਚ ਭਾਰਤ ਦੁਨੀਆ ’ਚ ਤੀਜੇ ਸਥਾਨ ’ਤੇ ਹੈ। 2047 ਤੱਕ ਸਾਰੇ ਖੇਤਰਾਂ ’ਚ ਭਾਰਤ ਨੰਬਰ ਇਕ ਬਣੇਗਾ। ਦੁਨੀਆ ਨੂੰ ਪਹਿਲਾਂ ਅਸੀਂ 90 ਹਜ਼ਾਰ, 145 ਕਰੋੜ ਰੁਪਏ ਦੀ ਦਵਾਈ ਨਿਰਯਾਤ ਕਰਦੇ ਸਨ, ਜੋ ਹੁਣ ਵਧ ਕੇ 183 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।

ਸ਼ਾਹ ਨੇ ਕਿਹਾ ਕਿ ਪੈਕਸਾਂ ਨੂੰ ਮਾਈਕ੍ਰੋ ਏਟੀਐੱਮ ਤੇ ਕਿਸਾਨ ਕ੍ਰੈਡਿਟ ਕਾਰਡ ਦੇ ਕੰਮ ਨਾਲ ਵੀ ਜੋੜ ਦਿੱਤਾ ਗਿਆ ਹੈ। ਹੁਣ ਪੈਕਸਾਂ ’ਚ ਪਸ਼ੂਪਾਲਣ ਵਿਕਾਸ ਕੇਂਦਰ ਤੇ ਸੀਐੱਸਸੀ ਵੀ ਖੁੱਲ੍ਹ ਸਕਦਾ ਹੈ ਤੇ ਰੇਲਵੇ ਟਿਕਟ ਦੀ ਬੁਕਿੰਗ ਵੀ ਹੋ ਸਕਦੀ ਹੈ।

ਰਾਸ਼ਨ ਦੀਆਂ ਦੁਕਾਨਾਂ ਵੀ ਚਲਾ ਸਕਣਗੇ ਪੈਕਸ

ਅਮਿਤ ਸ਼ਾਹ ਨੇ ਕਿਹਾ ਕਿ ਪੈਕਸਾਂ ਤੋਂ ਬਿਨਾਂ ਸਹਿਕਾਰਤਾ ਦਾ ਖ਼ਾਕਾ ਨਹੀਂ ਬਣ ਸਕਦਾ। ਦੋ ਲੱਖ ਨਵੇਂ ਪੈਕਸ ਬਣਾ ਕੇ ਪੰਚਾਇਤ ਪੱਧਰ ਤੱਕ ਪਹੁੰਚ ਬਣਾਈ ਜਾਵੇਗੀ। ਨਾਲ ਹੀ ਰਾਸ਼ਨ ਦੀਆਂ ਦੁਕਾਨਾਂ ਵੀ ਚਲਾ ਸਕਣਗੇ। ਅੱਜ 35 ਹਜ਼ਾਰ ਪੈਕਸ ਖਾਦ ਵੰਡਣ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਨੂੰ ਢੇਰ ਸਾਰਾ ਮੁਨਾਫ਼ਾ ਮਿਲੇਗਾ ਤੇ ਕਦੇ ਬੰਦ ਨਹੀਂ ਹੋਣਗੇ। ਘੱਟ ਪੂੰਜੀ ’ਚ ਪੈਕਸ ਮਾਡਰਨ ਗੋਦਾਮ ਵੀ ਬਣਾ ਸਕਦੇ ਹਨ। ਕਣਕ ਤੇ ਝੋਨੇ ਦੇ ਸਟੋਰ ਬਣਨਗੇ। ਕਿਸਾਨਾਂ ਨੂੰ ਵੀ ਉਪਜ ਰੱਖਣ ਦੀ ਸਹੂਲਤ ਹੋਵੇਗੀ। ਤਿੰਨ ਸਾਲਾਂ ’ਚ ਪੈਕਸਾਂ ਕੋਲ ਦੁਨੀਆ ਦੀ ਸਭ ਤੋਂ ਵੱਡੀ ਭੰਡਾਰਣ ਸਮਰੱਥਾ ਹੋਵੇਗੀ।