ANI, ਨਵੀਂ ਦਿੱਲੀ : Onion Price Rise: ਟਮਾਟਰ ਤੋਂ ਬਾਅਦ ਹੁਣ ਪਿਆਜ਼ ਵੀ ਲੋਕਾਂ ਨੂੰ ਰਵਾਉਣ ਲੱਗਾ ਹੈ। ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ ਜਿਸ ਦਾ ਅਸਰ ਲੋਕਾਂ ਦੇ ਬਜਟ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਪਿਆਜ਼ ਦੇ ਵਪਾਰੀ ਕੀਮਤਾਂ ‘ਚ ਅਚਾਨਕ ਵਾਧੇ ਲਈ ਸਪਲਾਈ ‘ਚ ਕਮੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਦੁੱਗਣੀ ਹੋਈ ਕੀਮਤ
ਪਿਆਜ਼ (Onion Price Rise) ਵਪਾਰੀਆਂ ਅਨੁਸਾਰ ਨਰਾਤਿਆਂ ਤੋਂ ਪਹਿਲਾਂ ਪਿਆਜ਼ ਦੀ ਕੀਮਤ 25-30 ਰੁਪਏ ਪ੍ਰਤੀ ਕਿਲੋ ਸੀ, ਜੋ ਤਿੰਨ ਦਿਨਾਂ ‘ਚ ਵਧ ਕੇ 55-60 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਤੇ ਹੁਣ ਬਾਜ਼ਾਰਾਂ ‘ਚ ਇਹ 65-70 ਰੁਪਏ ਦੇ ਹਿਸਾਬ ਨਾਲ ਬਾਜ਼ਾਰਾਂ ‘ਚ ਵਿਕ ਰਹੀ ਹੈ।
ਗਾਹਕ ਹੋ ਰਹੇ ਪਰੇਸ਼ਾਨ
ਬਾਜ਼ਾਰ ‘ਚ ਇਕ ਗਾਹਕ ਨੇ ਵਧਦੀਆਂ ਕੀਮਤਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ 1 ਕਿਲੋ ਪਿਆਜ਼ 20 ਰੁਪਏ ‘ਚ ਮਿਲਦਾ ਸੀ, ਹੁਣ ਇਸ ਦੀ ਕੀਮਤ 50-60 ਰੁਪਏ ਪ੍ਰਤੀ ਕਿਲੋ ਹੈ। ਗਾਹਕ ਨੇ ਕਿਹਾ ਕਿ ਜੇਕਰ ਅਜਿਹਾ ਜਾਰੀ ਰਿਹਾ ਤਾਂ ਇਸ ਦਾ ਅਸਰ ਜ਼ਰੂਰੀ ਖਰਚਿਆਂ ‘ਤੇ ਪਵੇਗਾ।
ਟਮਾਟਰ ਦੇ ਭਾਅ ਵੀ ਵਧੇ
ਹਾਲ ਹੀ ‘ਚ ਪਿਆਜ਼ ਦੇ ਰੇਟ ਸਭ ਤੋਂ ਜ਼ਿਆਦਾ ਵਧੇ ਹਨ ਪਰ ਇਸ ਦੇ ਨਾਲ ਹੀ ਟਮਾਟਰ ਦੇ ਰੇਟ ਵਧੇ ਹਨ। ਪਹਿਲਾਂ ਟਮਾਟਰ 20 ਰੁਪਏ ਕਿਲੋ ਸੀ, ਹੁਣ 40-45 ਰੁਪਏ ਕਿਲੋ ਹੈ। ਇਕ ਵਪਾਰੀ ਅਨੁਸਾਰ ਟਮਾਟਰ ਵੀ 70 ਰੁਪਏ ਤੱਕ ਪਹੁੰਚ ਜਾਵੇਗਾ।
ਦਿੱਲੀ-ਐਨਸੀਆਰ ‘ਚ 100 ਰੁਪਏ ਤਕ ਜਾ ਸਕਦੀ ਹੈ ਕੀਮਤ
ਦਿੱਲੀ ਦੀ ਗਾਜ਼ੀਪੁਰ ਸਬਜ਼ੀ ਮੰਡੀ ਦੇ ਇਕ ਪਿਆਜ਼ ਵਪਾਰੀ ਨੇ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਪਿਆਜ਼ ਦੀ ਆਮਦ ਘੱਟ ਹੈ ਜਿਸ ਕਾਰਨ ਕੀਮਤਾਂ ਉੱਚੀਆਂ ਹਨ। ਅੱਜ ਪਿਆਜ਼ ਦੀ ਕੀਮਤ 350 ਰੁਪਏ ਪ੍ਰਤੀ 5 ਕਿਲੋ ਹੈ ਜੋ ਕੱਲ੍ਹ 300 ਰੁਪਏ ਸੀ। ਪਹਿਲਾਂ ਇਹ ਕੀਮਤ 200 ਰੁਪਏ ਸੀ। ਸਬਜ਼ੀ ਵਿਕਰੇਤਾ ਨੇ ਕਿਹਾ ਕਿ ਜੇਕਰ ਸਪਲਾਈ ਦੀ ਕਮੀ ਨੂੰ ਦੂਰ ਨਾ ਕੀਤਾ ਗਿਆ ਤਾਂ ਜਲਦੀ ਹੀ ਭਾਅ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਵੇਗਾ।
ਇਹ ਹਨ ਕੀਮਤ ਵਧਣ ਦਾ ਕਾਰਨ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਅਧਿਕਾਰੀ ਅਨੁਸਾਰ, ਮੌਜੂਦਾ ਸਮੇਂ ਦਿੱਲੀ ਐਨਸੀਆਰ ‘ਚ ਪ੍ਰਚੂਨ ਕੀਮਤਾਂ ‘ਚ ਇੰਨੀ ਤੇਜ਼ੀ ਨਾਲ ਵਾਧਾ ਹੋਣ ਦਾ ਕਾਰਨ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਤੋਂ ਫਸਲ ਦੀ ਆਮਦ ‘ਚ ਦੇਰੀ ਹੈ। ਪਰਚੂਨ ਮੁੱਲ ਹੁਣ 40 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਸਰਕਾਰ ਕਰ ਰਹੀ ਇੰਤਜ਼ਾਮ
ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਇਸ ਨੇ 5.07 ਲੱਖ ਮੀਟ੍ਰਿਕ ਟਨ ਤੋਂ ਵੱਧ ਪਿਆਜ਼ ਖਰੀਦਿਆ ਹੈ ਤੇ ਆਉਣ ਵਾਲੇ ਦਿਨਾਂ ‘ਚ 3 ਲੱਖ ਮੀਟ੍ਰਿਕ ਟਨ ਹੋਰ ਖਰੀਦਣ ਲਈ ਤਿਆਰ ਹੈ ਜਿਸ ਨਾਲ ਕੀਮਤ ਨੂੰ ਕਾਬੂ ‘ਚ ਰੱਖਣ ‘ਚ ਮਦਦ ਮਿਲੇਗੀ।
ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਦਿੱਲੀ, ਹਰਿਆਣਾ, ਕਰਨਾਟਕ, ਓਡੀਸ਼ਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਚੰਡੀਗੜ੍ਹ, ਪੱਛਮੀ ਬੰਗਾਲ, ਤੇਲੰਗਾਨਾ, ਉੱਤਰਾਖੰਡ, ਬਿਹਾਰ, ਅਸਾਮ ਅਤੇ ਉੱਤਰਾਖੰਡ ਦੇ ਥੋਕ ਬਾਜ਼ਾਰਾਂ ਵਿੱਚ 1.74 ਲੱਖ ਮੀਟ੍ਰਿਕ ਟਨ ਤੋਂ ਵੱਧ ਪਿਆਜ਼ ਪਹੁੰਚਾਏ ਹਨ ਜਿਸ ਨਾਲ ਆਉਣ ਵਾਲੇ ਲੋਕਾਂ ਨੂੰ ਮਦਦ ਮਿਲੇਗੀ।ਪਿਆਜ਼ ਦੀਆਂ ਕੀਮਤਾਂ ਕੁਝ ਦਿਨਾਂ ‘ਚ ਹੀ ਡਿੱਗਣੀਆਂ ਸ਼ੁਰੂ ਹੋ ਜਾਣਗੀਆਂ।


