ਸਪੋਰਟਸ ਡੈਸਕ, ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਦੂਜੇ ਟੀ-20 ਮੈਚ ‘ਚ ਬਾਬਰ ਆਜ਼ਮ ਦਾ ਬੱਲਾ ਅੱਜ ਖੂਬ ਗੱਜਿਆ। ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 43 ਗੇਂਦਾਂ ‘ਤੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਬਰ ਭਲੇ ਹੀ ਪਾਕਿਸਤਾਨ ਨੂੰ ਜਿੱਤ ਵੱਲ ਲਿਜਾਣ ‘ਚ ਨਾਕਾਮ ਰਿਹਾ ਹੋਵੇ ਪਰ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੇ 35ਵੇਂ ਅਰਧ ਸੈਂਕੜੇ ਨਾਲ ਬਾਬਰ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਾਬਰ ਇਸ ਖਾਸ ਮਾਮਲੇ ‘ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਵੀ ਅੱਗੇ ਨਿਕਲ ਗਏ ਹਨ।

ਬਾਬਰ ਨੇ ਕੋਹਲੀ-ਰੋਹਿਤ ਨੂੰ ਪਛਾੜਿਆ

ਦਰਅਸਲ ਬਾਬਰ ਆਜ਼ਮ ਟੀ-20 ਇੰਟਰਨੈਸ਼ਨਲ ‘ਚ 100 ਪਾਰੀਆਂ ਖੇਡ ਕੇ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਬਾਬਰ ਨੇ ਆਪਣੀ 100ਵੀਂ ਪਾਰੀ ‘ਚ 35ਵਾਂ ਅਰਧ ਸੈਂਕੜਾ ਬਣਾ ਕੇ ਇਸ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਕੋਹਲੀ ਨੇ ਟੀ-20 ਇੰਟਰਨੈਸ਼ਨਲ ‘ਚ 100 ਪਾਰੀਆਂ ਖੇਡ ਕੇ 34 ਅਰਧ ਸੈਂਕੜੇ ਲਗਾਏ ਸਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 100 ਪਾਰੀਆਂ ਦੇ ਬਾਅਦ 25 ਅਰਧ ਸੈਂਕੜੇ ਲਗਾਏ ਸਨ।

ਬਾਬਰ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ

ਦੂਜੇ ਟੀ-20 ਮੈਚ ‘ਚ ਜਦੋਂ ਬਾਬਰ ਆਜ਼ਮ ਕ੍ਰੀਜ਼ ‘ਤੇ ਆਏ ਤਾਂ ਪਾਕਿਸਤਾਨੀ ਟੀਮ ਮੁਸ਼ਕਲ ‘ਚ ਸੀ ਅਤੇ ਸਿਰਫ 10 ਦੌੜਾਂ ਦੇ ਸਕੋਰ ‘ਤੇ ਉਸ ਦੀਆਂ ਦੋ ਵਿਕਟਾਂ ਡਿੱਗ ਚੁੱਕੀਆਂ ਸਨ। ਇਸ ਤੋਂ ਬਾਅਦ ਬਾਬਰ ਨੇ ਫਖਰ ਜ਼ਮਾਨ ਨਾਲ ਮਿਲ ਕੇ ਤੀਜੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਚੰਗੀ ਬੱਲੇਬਾਜ਼ੀ ਕੀਤੀ ਤੇ 36 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਬਾਬਰ ਨੇ 43 ਗੇਂਦਾਂ ‘ਤੇ 66 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਇਸ ਪਾਰੀ ਦੌਰਾਨ ਬਾਬਰ ਨੇ 7 ਚੌਕੇ ਅਤੇ 2 ਛੱਕੇ ਜੜੇ।

ਪਾਕਿਸਤਾਨ ਨੂੰ ਦੂਜੀ ਹਾਰ ਮਿਲੀ

ਬਾਬਰ ਆਜ਼ਮ ਤੇ ਫਖਰ ਜ਼ਮਾਨ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਪਾਕਿਸਤਾਨ ਨੂੰ ਦੂਜੇ ਟੀ-20 ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਵੱਲੋਂ ਦਿੱਤੇ 195 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਪਾਕਿਸਤਾਨ ਦੀ ਪੂਰੀ ਟੀਮ 173 ਦੌੜਾਂ ਬਣਾ ਕੇ ਢੇਰ ਹੋ ਗਈ। ਗੇਂਦਬਾਜ਼ੀ ‘ਚ ਕੀਵੀ ਟੀਮ ਲਈ ਐਡਮ ਮਿਲਨੇ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ, ਜਦਕਿ ਟਿਮ ਸਾਊਥੀ ਅਤੇ ਈਸ਼ ਸੋਢੀ ਨੇ ਦੋ-ਦੋ ਵਿਕਟਾਂ ਲਈਆਂ।