ਡਿਜੀਟਲ ਡੈਸਕ, ਪਟਨਾ : Bihar Political Crisis Nitish Kumar : ਇਕ ਵਾਰ ਫਿਰ ਬਿਹਾਰ ਦੀ ਰਾਜਨੀਤੀ ‘ਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਨਿਤੀਸ਼ ਕੁਮਾਰ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਨਿਤੀਸ਼ ਕੁਮਾਰ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣਗੇ। ਜੇਕਰ ਨਿਤੀਸ਼ ਕੁਮਾਰ ਦੀ ਗੱਲ ਕਰੀਏ ਤਾਂ ‘ਨੇਤਾ ਜੀ’ ਪਾਲਾ ਬਦਲਣ ਦੇ ਨਾਂ ਨਾਲ ਮਸ਼ਹੂਰ ਹਨ।

ਸਾਲ 2014 ਦੀ ਗੱਲ ਕਰੀਏ ਤਾਂ ਨਿਤੀਸ਼ ਕੁਮਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ 2013 ‘ਚ ਐਨਡੀਏ ਤੋਂ ਵੱਖ ਹੋਏ ਸਨ। ਬਾਅਦ ‘ਚ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਹਾਗਠਜੋੜ ਬਣਾਇਆ। ਸਾਲ 2017 ਦੀ ਗੱਲ ਕਰੀਏ ਤਾਂ ਉਹ ਮਹਾਗਠਜੋੜ ਤੋਂ ਵੱਖ ਹੋ ਗਏ ਤੇ ਦੁਬਾਰਾ ਐਨਡੀਏ ‘ਚ ਸ਼ਾਮਲ ਹੋ ਗਏ। ਬਾਅਦ ‘ਚ ਉਨ੍ਹਾਂ ਐਨਡੀਏ ਨਾਲੋਂ ਨਾਤਾ ਤੋੜ ਲਿਆ ਤੇ ਮਹਾਗਠਜੋੜ ‘ਚ ਸ਼ਾਮਲ ਹੋ ਗਏ।

‘ਨਿਤੀਸ਼ ਫੈਕਟਰ’ ਦੇ ਵੱਡੇ ਕਾਰਨ

ਬਿਹਾਰ ‘ਚ ਮਜ਼ਬੂਤ ​​’ਨਿਤੀਸ਼ ਫੈਕਟਰ’ ਦੇ 3 ਵੱਡੇ ਕਾਰਨ ਹਨ। ਪਹਿਲਾ ਕਾਰਨ ਜਾਤ-ਪਾਤ, ਦੂਜਾ ਵੋਟ ਬੈਂਕ ਤੇ ਤੀਜਾ ਖੁੱਲ੍ਹੇ ਮੌਕੇ ਰੱਖਣਾ। ਨਿਤੀਸ਼ ਖੁਦ ਕੁਰਮੀ ਜਾਤੀ ਤੋਂ ਆਉਂਦੇ ਹਨ। ਨਿਤੀਸ਼ ਕੁਮਾਰ ਨੇ ਬਿਹਾਰ ਦੇ ਅਤਿ ਪਛੜੇ ਭਾਈਚਾਰਿਆਂ ਤੇ ਦਲਿਤਾਂ ਦਾ ਵੱਡਾ ਵੋਟ ਸਮੂਹ ਬਣਾਇਆ ਤੇ ਇਸ ਸਮੂਹ ਨੇ ਲਗਾਤਾਰ ਉਨ੍ਹਾਂ ਦਾ ਸਮਰਥਨ ਕੀਤਾ। ਨਿਤੀਸ਼ ਕੋਲ ਆਪਣੀਆਂ ਬਹੁਤੀਆਂ ਵੋਟਾਂ ਨਹੀਂ ਹਨ ਪਰ ਜਦੋਂ ਉਹ ਕਿਸੇ ਦੇ ਨਾਲ ਹੁੰਦੇ ਹਨ ਤਾਂ ਉਹ ਵੋਟਾਂ ਉਨ੍ਹਾਂ ਦੇ ਪ੍ਰਭਾਵ ਦੇ ਨਾਲ-ਨਾਲ ਉਨ੍ਹਾਂ ਨਾਲ ਹੁੰਦੀਆਂ ਹਨ।

ਬਿਹਾਰ ‘ਚ ਜਾਤੀ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਹ ਇੰਨੀ ਭਾਰੂ ਹੈ ਅਤੇ ਜਾਤੀ ਜਨਗਣਨਾ ਤੋਂ ਬਾਅਦ ਹਰ ਜਾਤ ਨੂੰ ਆਪਣੀ ਨੁਮਾਇੰਦਗੀ ਦਿਖਾਈ ਦੇ ਰਹੀ ਹੈ। ਪਿਛਲੇ ਸਾਲਾਂ ‘ਚ ਦੇਖਿਆ ਗਿਆ ਹੈ ਕਿ ਭਾਜਪਾ ਹੋਵੇ ਜਾਂ ਰਾਸ਼ਟਰੀ ਜਨਤਾ ਦਲ, ਨਿਤੀਸ਼ ਕੁਮਾਰ ਨੇ ਆਪਣੇ ਆਪ ਨੂੰ ਦੋਵਾਂ ਪਾਰਟੀਆਂ ਲਈ ਢੁਕਵਾਂ ਰੱਖਿਆ ਹੈ।

ਨਿਤੀਸ਼ ਕੁਮਾਰ ਕੋਲ ਹਨ ਸੱਤਾ ਦੀਆਂ ਚਾਬੀਆਂ

243 ਮੈਂਬਰੀ ਬਿਹਾਰ ਵਿਧਾਨ ਸਭਾ ‘ਚ ਸਧਾਰਨ ਬਹੁਮਤ ਲਈ ਸਰਕਾਰ ਨੂੰ 122 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਬਹੁਮਤ ਦਾ ਅੰਕੜਾ 78 ਭਾਜਪਾ ਵਿਧਾਇਕਾਂ, 45 ਜੇਡੀਯੂ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਚਾਰ ਵਿਧਾਇਕਾਂ ਤੋਂ ਇਲਾਵਾ ਆਜ਼ਾਦ ਸੁਮਿਤ ਕੁਮਾਰ ਸਿੰਘ ਦੇ ਸਮਰਥਨ ਨਾਲ ਹਾਸਲ ਹੋ ਜਾਂਦਾ ਹੈ। ਇਸ ਅੰਕੜੇ ਦੇ ਆਧਾਰ ‘ਤੇ 10 ਅਗਸਤ 2022 ਤਕ ਨਿਤੀਸ਼ ਦੀ ਸਰਕਾਰ ਚੱਲ ਰਹੀ ਸੀ।