ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਤੋਂ ਔਰਤਾਂ ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਆਈਆਂ ਹਨ। ਸਦੀਆਂ ਤੋਂ ਔਰਤਾਂ ਲਈ ਲਿੰਗਕ ਵਿਤਕਰਾ ਵੱਡੀ ਸਮੱਸਿਆ ਰਹੀ ਹੈ। ਰਾਸ਼ਟਰੀ ਬਾਲੜੀ ਦਿਵਸ ਜੋ ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਰਾਹੀਂ ਲਿੰਗ ਸਮਾਨਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਸਥਿਤੀ ਹੌਲੀ-ਹੌਲੀ ਬਦਲ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਲੜਕੀਆਂ ਦੇ ਹਿੱਤ ‘ਚ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਹੀਆਂ ਹਨ ਪਰ ਇਸ ਵਿਚ ਹੋਰ ਯੋਗਦਾਨ ਦੀ ਲੋੜ ਹੈ। ਇਸ ਲਈ ਮਾਪਿਆਂ ਨੂੰ ਅੱਗੇ ਆਉਣਾ ਪਵੇਗਾ। ਹਾਂ ਜੇ ਤੁਸੀਂ ਵੀ ਕਿਸੇ ਧੀ ਦੇ ਮਾਤਾ-ਪਿਤਾ ਹੋ, ਤਾਂ ਤੁਹਾਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਹੋਵੇਗਾ ਕਿ ਉਸ ਦਾ ਪਾਲਣ-ਪੋਸ਼ਣ ਕਿਵੇਂ ਕੀਤਾ ਜਾਵੇ।

ਪੁੱਤਾਂ ਤੇ ਧੀਆਂ ‘ਚ ਨਾ ਕਰੋ ਫ਼ਰਕ

ਬੇਟੇ ਤੇ ਬੇਟੀਆਂ ‘ਚ ਫ਼ਰਕ ਪਾਲਣ ਪੋਸ਼ਣ ਦੌਰਾਨ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਗ਼ਲਤੀ ਹੈ। ਆਧੁਨਿਕ ਸਮੇਂ ‘ਚ ਵੀ ਕਈ ਅਜਿਹੇ ਪਰਿਵਾਰ ਦੇਖੇ ਜਾਣਗੇ ਜਿੱਥੇ ਪੁੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਧੀਆਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ। ਇਸ ਨਾਲ ਧੀਆਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਉੱਥੇ ਹੀ ਜਦੋਂ ਤੁਸੀਂ ਇਹ ਫਰਕ ਨਹੀਂ ਕਰਦੇ ਤਾਂ ਇਸ ਨਾਲ ਬੱਚਿਆਂ ‘ਚ ਸਕਾਰਾਤਿਮਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ।

ਕੁੜੀਆਂ ‘ਤੇ ਪਾਬੰਦੀਆਂ ਲਗਾਉਣੀਆਂ

ਜਿਨ੍ਹਾਂ ਘਰਾਂ ਵਿਚ ਧੀਆਂ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਉੱਥੇ ਮਾਪੇ ਉਨ੍ਹਾਂ ‘ਤੇ ਕਈ ਪਾਬੰਦੀਆਂ ਲਗਾ ਕੇ ਰੱਖਦੇ ਹਨ। ਸਕੂਲ ਕਿਵੇਂ ਜਾਣਾ ਹੈ, ਕਿਵੇਂ ਖੇਡਣਾ ਹੈ, ਕੱਪੜੇ ਕਿਸ ਤਰ੍ਹਾਂ ਦੇ ਪਾਉਣੇ ਹਨ, ਬਹੁਤਾ ਹੱਸਣਾ ਨਹੀਂ, ਜ਼ਿਆਦਾ ਬੋਲਣਾ ਨਹੀਂ ਜਿਹੀਆਂ ਚੀਜ਼ਾਂ। ਉੱਥੇ ਹੀ ਬੇਟੇ ਪੂਰੀ ਤਰ੍ਹਾਂ ਆਜ਼ਾਦ ਰਹਿੰਦੇ ਹਨ। ਇਹ ਸਾਰੀਆਂ ਗੱਲਾਂ ਕੁੜੀਆਂ ਦੇ ਵਿਕਾਸ ਵਿਚ ਰੁਕਾਵਟ ਬਣ ਸਕਦੀਆਂ ਹਨ। ਉਨ੍ਹਾਂ ਅੰਦਰ ਡਰ ਅਤੇ ਝੂਠ ਬੋਲਣ ਵਰਗੀਆਂ ਆਦਤਾਂ ਵਿਕਸਤ ਹੋ ਸਕਦੀਆਂ ਹਨ।

ਬੋਲਣ ਦੀ ਆਜ਼ਾਦੀ ਨਾ ਦੇਣਾ

ਅੱਜ ਵੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਧੀਆਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਇਹ ਬਿਲਕੁਲ ਵੀ ਠੀਕ ਨਹੀਂ ਹੈ। ਇਸ ਕਾਰਨ ਕਈ ਵਾਰ ਲੜਕੀਆਂ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ ਪਰ ਇਸ ਬਾਰੇ ਉਹ ਕਿਸੇ ਨੂੰ ਦੱਸ ਨਹੀਂ ਸਕਦੀਆਂ। ਬਚਪਨ ਦੀਆਂ ਇਹ ਆਦਤਾਂ ਨੂੰ ਉਨ੍ਹਾਂ ਨੂੰ ਵੱਡੇ ਹੋ ਕੇ ਵੀ ਝੱਲਣੀਆਂ ਪੈਂਦੀਆਂ ਹਨ। ਉਹ ਘਰੇਲੂ ਹਿੰਸਾ ਅਤੇ ਦੁਰਵਿਵਹਾਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਪਰ ਆਪਣੀ ਆਵਾਜ਼ ਉਠਾਉਣ ਤੋਂ ਡਰਦੀਆਂ ਹਨ।

ਪੁੱਤ ਤੇ ਧੀ ਦੀ ਤੁਲਨਾ ਕਰਨਾ

ਕਈ ਮਾਪੇ ਧੀਆਂ ਦੀ ਤੁਲਨਾ ਪੁੱਤਾਂ ਨਾਲ ਕਰਨ ਲੱਗ ਜਾਂਦੇ ਹਨ। ਹਮੇਸ਼ਾ ਉਨ੍ਹਾਂ ਦੀਆਂ ਕਮੀਆਂ ਗਿਣਾਉਂਦੇ ਰਹਿੰਦੇ ਹਨ। ਉਹ ਤੁਹਾਨੂੰ ਕੁਝ ਚੰਗਾ ਕਰਨ ਲਈ ਉਤਸ਼ਾਹਿਤ ਵੀ ਨਹੀਂ ਕਰਦੇ। ਦੂਜਿਆਂ ਦੇ ਮੁਕਾਬਲੇ ਕੁੜੀਆਂ ਦੇ ਸਵੈ-ਮਾਣ ਨੂੰ ਠੇਸ ਪਹੁੰਚਦੀ ਹੈ। ਕਾਬਲ ਹੋਣ ਦੇ ਬਾਵਜੂਦ ਉਹ ਖ਼ੁਦ ਨੂੰ ਕਮਜ਼ੋਰ ਸਮਝਣ ਲੱਗ ਜਾਂਦੀਆਂ ਹਨ। ਕਈ ਵਾਰ ਜ਼ਿੰਦਗੀ ਵਿਚ ਕੁਝ ਕਰਨ ਦੀ ਇੱਛਾ ਵੀ ਇਸ ਤੁਲਨਾ ਕਾਰਨ ਮਰ ਜਾਂਦੀ ਹੈ।

ਖੇਡਣ ਲਈ ਸਿਰਫ਼ ਗੁੱਡੇ-ਗੁੱਡੀਆਂ ਦੇਣਾ

ਕੁੜੀਆਂ ਕੋਲ ਬਚਪਨ ਵਿੱਚ ਗੁੱਡੀਆਂ ਨਾਲ ਖੇਡਣ ਦਾ ਹੀ ਵਿਕਲਪ ਹੁੰਦਾ ਹੈ ਜਦੋਂ ਕਿ ਲੜਕਿਆਂ ਕੋਲ ਕਈ ਬਦਲ ਹੁੰਦੇ ਹਨ। ਇਹ ਲੜਕੇ ਤੇ ਲੜਕੀਆਂ ਵਿੱਚ ਵਿਤਕਰਾ ਪੈਦਾ ਕਰਨ ਦਾ ਵੀ ਕੰਮ ਕਰਦਾ ਹੈ। ਬੇਸ਼ੱਕ ਕੁੜੀਆਂ ਮੁੰਡਿਆਂ ਨਾਲੋਂ ਨਰਮ ਹੁੰਦੀਆਂ ਹਨ ਪਰ ਮਾਪਿਆਂ ਨੂੰ ਉਨ੍ਹਾਂ ਨੂੰ ਮਜ਼ਬੂਤ ​​ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਬਾਹਰੀ ਖੇਡਾਂ ਖੇਡਣ ਲਈ ਵੀ ਉਤਸ਼ਾਹਿਤ ਕਰੋ।

ਯਕੀਨ ਮੰਨਿਓ ਪਾਲਣ ਪੋਸ਼ਣ ਕਰਦਿਆਂ ਇਨ੍ਹਾਂ ਛੋਟੀਆਂ-ਛੋਟੀਆਂ ਗਲਤੀਆਂ ਵੱਲ ਧਿਆਨ ਦੇ ਕੇ ਤੁਸੀਂ ਆਪਣੀਆਂ ਧੀਆਂ ਨੂੰ ਹੋਰ ਸ਼ਕਤੀਸ਼ਾਲੀ ਅਤੇ ਆਤਮਵਿਸ਼ਵਾਸੀ ਬਣਾ ਸਕਦੇ ਹੋ ਜਿਸ ਦੀ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਪੜਾਅ ‘ਤੇ ਲੋੜ ਹੁੰਦੀ ਹੈ।