ਏਐੱਨਐਈ, ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਕਈ ਧਮਕੀ ਭਰੇ ਈਮੇਲ ਭੇਜਣ ਦੇ ਦੋਸ਼ ਵਿੱਚ ਤੇਲੰਗਾਨਾ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਮਦੇਵੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਗਣੇਸ਼ ਰਮੇਸ਼ ਵਨਪਾਰਧੀ ਵਜੋਂ ਹੋਈ ਹੈ। ਸ਼ਨੀਵਾਰ ਉਸ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ 8 ਨਵੰਬਰ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ।

ਅੱਜ ਵੀ ਮਿਲੀ ਸੀ ਜਾਨ ਤੋਂ ਮਾਰਨ ਦੀ ਧਮਕੀ

ਮੁਕੇਸ਼ ਅੰਬਾਨੀ ਨੂੰ ਸ਼ਨੀਵਾਰ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਮੁਲਜ਼ਮਾਂ ਨੇ 400 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ 31 ਤੋਂ 1 ਨਵੰਬਰ ਦੇ ਵਿੱਚ ਭੇਜੇ ਦੋ ਧਮਕੀ ਭਰੇ ਈਮੇਲ ਨੂੰ ਨਜ਼ਰਅੰਦਾਜ਼ ਕਰਨ ’ਤੇ ਗੰਭੀਰ ਨਤੀਜੇ ਭੁਗਤਾਨੇ ਦੀ ਚਿਤਾਵਨੀ ਦਿੱਤੀ ਸੀ।

ਮੁਲਜ਼ਮ ਫਰਜ਼ੀ ਨਾਂ ਦੀ ਕਰ ਰਿਹਾ ਸੀ ਵਰਤੋਂ

ਪੁਲਿਸ ਅਨੁਸਾਰ ਅੰਬਾਨੀ ਨੂੰ ਧਮਕੀ ਭਰੇ ਈਮੇਲ ਭੇਜਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਸ਼ਾਦਾਬ ਖਾਨ ਵਜੋਂ ਦੱਸੀ ਹੈ। ਇਸ ਤੋਂ ਪਹਿਲਾਂ ਅੰਬਾਨੀ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ 20 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਸ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।

28 ਅਕਤੂਬਰ ਨੂੰ ਭੇਜਿਆ ਸੀ ਪਹਿਲਾ ਮੇਲ

ਮੁਲਜ਼ਮਾਂ ਨੇ ਹਰ ਵਾਰ ਨਵੀਂ ਈਮੇਲ ਭੇਜਣ ‘ਤੇ ਫਿਰੌਤੀ ਦੀ ਰਕਮ 200 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕਰ ਦਿੱਤੀ। ਮੁੰਬਈ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਪਹਿਲਾ ਧਮਕੀ ਮੇਲ 28 ਅਕਤੂਬਰ ਨੂੰ ਭੇਜਿਆ ਗਿਆ ਸੀ।

ਈਮੇਲ ਮਿਲਣ ਤੋਂ ਬਾਅਦ, ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ਦੇ ਆਧਾਰ ‘ਤੇ, ਮੁੰਬਈ ਦੀ ਗਾਮਦੇਵੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਧਾਰਾ 387 (ਪੈਸੇ ਦੀ ਵਸੂਲੀ ਲਈ ਜਾਨੋਂ ਮਾਰਨ ਦੀ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਪਿਛਲੇ ਸਾਲ ਵੀ ਇਕ ਵਿਅਕਤੀ ਨੇ ਦਿੱਤੀ ਸੀ ਧਮਕੀ

ਪਿਛਲੇ ਸਾਲ ਮੁੰਬਈ ਪੁਲਿਸ ਨੇ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇੱਕ ਵਿਅਕਤੀ ਨੂੰ ਬਿਹਾਰ ਦੇ ਦਰਭੰਗਾ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਮੁੰਬਈ ਦੇ ਸਰ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਸੀ।