MS Dhoni latest news: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਿਹਿਰ ਦਿਵਾਕਰ ਤੇ ਸੌਮਿਆ ਵਿਸ਼ਵਾਸ਼ ਖਿਲਾਫ ਰਾਂਚੀ ਦੀ ਅਦਾਲਤ ‘ਚ ਅਪਰਾਧਿਕ ਕੇਸ ਦਾਇਰ ਕੀਤਾ ਹੈ। ਮਿਹਿਰ ਦਿਵਾਕਰ ਧੋਨੀ ਦੇ ਕਰੀਬੀ ਦੋਸਤ ਰਹੇ ਹਨ ਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਵੀ ਰਹੇ ਹਨ। ਮਿਹਿਰ ਨੇ ਧੋਨੀ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਦਰਅਸਲ, ਮਿਹਿਰ ਦਿਵਾਕਰ ਨੇ ਕਥਿਤ ਤੌਰ ‘ਤੇ 2017 ‘ਚ ਮਹਿੰਦਰ ਸਿੰਘ ਧੋਨੀ ਨਾਲ ਵਿਸ਼ਵ ਭਰ ‘ਚ ਕ੍ਰਿਕਟ ਅਕੈਡਮੀਆਂ ਖੋਲ੍ਹਣ ਲਈ ਇਕ ਸਮਝੌਤਾ ਕੀਤਾ ਸੀ। ਪਰ ਦਿਵਾਕਰ ਨੇ ਸਮਝੌਤੇ ‘ਚ ਦੱਸੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ। ਇਸ ਮਾਮਲੇ ‘ਚ ਅਰਕਾ ਸਪੋਰਟਸ ਨੂੰ ਫਰੈਂਚਾਇਜ਼ੀ ਫੀਸ ਅਦਾ ਕਰਨੀ ਪਈ। ਸਮਝੌਤੇ ਤਹਿਤ ਮੁਨਾਫ਼ਾ ਸਾਂਝਾ ਕੀਤਾ ਜਾਣਾ ਸੀ, ਪਰ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

ਮਹਿੰਦਰ ਸਿੰਘ ਧੋਨੀ ਨੇ 15 ਅਗਸਤ, 2021 ਨੂੰ ਅਰਕਾ ਸਪੋਰਟਸ ਤੋਂ ਅਥਾਰਟੀ ਲੈਟਰ ਵਾਪਸ ਲੈ ਲਿਆ ਸੀ। ਧੋਨੀ ਨੇ ਉਨ੍ਹਾਂ ਨੂੰ ਕਈ ਕਾਨੂੰਨੀ ਨੋਟਿਸ ਭੇਜੇ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਧੋਨੀ ਦੇ ਵਕੀਲ ਦਯਾਨੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਰਕਾ ਸਪੋਰਟਸ ਨੇ ਉਸ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਉਸ ਨੂੰ 15 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।