ਮੁੰਬਈ (ਏਜੰਸੀ) : ਕੇਂਦਰ ਸਰਕਾਰ ਦੀ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਵੱਧ ਤੋਂ ਵੱਧ ਆਨਲਾਈਨ ਸੈਲਫੀ ਅਪਲੋਡ ਕਰਨ ਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਭਾਰਤ ਦੇ ਨਾਂ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਚੀਨ ਦੇ ਨਾਂ ਸੀ। ਚੀਨ ਨੇ ਸਾਲ 2016 ’ਚ ਇਕ ਲੱਖ ਸੈਲਫੀ ਅਪਲੋਡ ਕਰ ਕੇ ਇਹ ਰਿਕਾਰਡ ਬਣਾਇਆ ਸੀ। ਉੱਥੇ, ਹੁਣ ਮਹਾਰਾਸ਼ਟਰ ਦੇ ਸਾਵਿੱਤਰੀਬਾਈ ਫੁਲੇ ਪੁਣੇ ਯੂਨੀਵਰਸਿਟੀ (ਐੱਸਪੀਪੀਯੂ) ਵੱਲੋਂ ਮਿੱਟੀ ਦੇ ਨਾਲ 10,42,538 ਸੈਲਫੀ ਦਾ ਰਿਕਾਰਡ ਬਣਾਇਆ ਗਿਆ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ‘ਮੇਰੀ ਮਾਟੀ ਮੇਰਾ ਦੇਸ਼’ ਪਹਿਲ ਦੇ ਇਕ ਹਿੱਸੇ ਦੇ ਰੂਪ ’ਚ ਬੁੱਧਵਾਰ ਨੂੰ ਮੁੰਬਈ ਯੂਨੀਵਰਸਿਟੀ ’ਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਸਰਟੀਫਿਕੇਟ ਪੁਰਸਕਾਰ ਸਮਾਗਮ ’ਚ ਹਿੱਸਾ ਲਿਆ। ਮੁੱਖ ਮੰਤਰੀ ਨੇ ਸਾਰਿਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰ ਕਿਸੇ ਲਈ ਮਾਣ ਦਾ ਪਲ ਹੈ। ‘ਮੇਰੀ ਮਾਟੀ ਮੇਰਾ ਦੇਸ਼’ ਪਹਿਲ ਉਨ੍ਹਾਂ ਲੋਕਾਂ ਪ੍ਰਤੀ ਸਨਮਾਨ ਹੈ, ਜਿਨ੍ਹਾਂ ਨੇ ਦੇਸ਼ ਲਈ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ 25 ਲੱਖ ਸੈਲਫੀ ਸਨ ਪਰ 10,42,538 ਸੈਲਫੀਆਂ ਨੂੰ ਮਨਜ਼ੂੁਰੀ ਮਿਲੀ ਤੇ ਅਸੀਂ ਚੀਨ ਨੂੰ ਹਰਾ ਕੇ ਵਿਸ਼ਵ ਰਿਕਾਰਡ ਬਣਾਇਆ।