ਮੁੰਬਈ (ਏਐੱਨਆਈ) : ਮਹਾਦੇਵ ਸੱਟੇਬਾਜ਼ੀ ਐਪ ਘੁਟਾਲੇ ਦਾ ਸੇਕ ਡਾਬਰ ਗਰੁੱਪ ਦੇ ਚੇਅਰਮੈਨ ਤੇ ਡਾਇਰੈਕਟਰ ਤੱਕ ਪੁੱਜ ਗਿਆ ਹੈ। ਮੁੰਬਈ ਪੁਲਿਸ ਵੱਲੋਂ ਦਰਜ ਐੱਫਆਈਆਰ ਵਿਚ ਕੁੱਲ 32 ਲੋਕਾਂ ਦੇ ਨਾਂ ਹਨ। ਇਸ ਵਿਚ ਡਾਬਰ ਦੇ ਡਾਇਰੈਕਟਰ ਗੌਰਵ ਬਰਮਨ ਤੇ ਕੰਪਨੀ ਦੇ ਚੇਅਰਮੈਨ ਮੋਹਿਤ ਬਰਮਨ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਧੋਖਾਦੇਹੀ ਤੇ ਜੂਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਓਧਰ, ਡਾਬਰ ਗਰੁੱਪ ਨੇ ਮੁੰਬਈ ਪੁਲਿਸ ਦੀ ਐੱਫਆਈਆਰ ਨੂੰ ਝੂਠ ਦਾ ਪੁਲੰਦਾ ਦੱਸਿਆ ਤੇ ਕਿਹਾ ਕਿ ਡੂੰਘੀ ਜਾਂਚ ਵਿਚ ਸੱਚ ਸਾਹਮਣੇ ਆ ਜਾਵੇਗਾ ਤੇ ਦੋਸ਼ ਬੇਬੁਨਿਆਦ ਸਾਬਤ ਹੋਣਗੇ।
ਐੱਫਆਈਆਰ ਮੁਤਾਬਕ ਮਹਾਦੇਵ ਸੱਟੇਬਾਜ਼ੀ ਐਪ ਵਿਚ ਕਥਿਤ ਤੌਰ ’ਤੇ ਦੋਸ਼ੀ ਦੇ ਰੂਪ ਵਿਚ ਮੋਹਿਤ ਬਰਮਨ ਨੂੰ 16ਵੇਂ ਨੰਬਰ ’ਤੇ ਸੂਚੀਬੱਧ ਕੀਤਾ ਗਿਆ ਹੈ ਜਦਕਿ ਗੌਰਵ ਬਰਮਨ 18ਵੇਂ ਨੰਬਰ ’ਤੇ ਹਨ। ਇਸ ਮਾਮਲੇ ਵਿਚ 31 ਲੋਕਾਂ ਖ਼ਿਲਾਫ਼ ਨਾਮਜ਼ਦ ਐੱਫਆਈਆਰ ਦਰਜ ਹੈ ਜਦਕਿ 32ਵੇਂ ਸਥਾਨ ’ਤੇ ਅਣਪਛਾਤੇ ਦਾ ਜ਼ਿਕਰ ਹੈ। ਸੋਸ਼ਲ ਵਰਕਰ ਪ੍ਰਕਾਸ਼ ਬਨਕਰ ਦੀ ਸ਼ਿਕਾਇਤ ’ਤੇ ਸੱਤ ਨਵੰਬਰ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ। ਐੱਫਆਈਆਰ ਵਿਚ ਅਦਾਕਾਰ ਸਾਹਿਲ ਖ਼ਾਨ ਦਾ ਨਾਂ ਦੋਸ਼ੀ ਦੇ ਰੂਪ ਵਿਚ 26ਵੇਂ ਨੰਬਰ ’ਤੇ ਦਰਜ ਹੈ। ਸਾਹਿਲ ਖ਼ਾਨ ’ਤੇ ਮਹਾਦੇਵ ਦੇ ਆਨਲਾਈਨ ਸੱਟੇਬਾਜ਼ੀ ਐਪ ਨਾਲ ਸਬੰਧਤ ਇਕ ਹੋਰ ਸੱਟੇਬਾਜ਼ੀ ਐਪ ਚਲਾਉਣ ਦਾ ਦੋਸ਼ ਹੈ। ਐੱਫਆਈਆਰ ਵਿਚ ਕਿਹਾ ਗਿਆ ਹੈ ਕਿ ਸਾਹਿਲ ’ਤੇ ਨਾ ਸਿਰਫ਼ ਪ੍ਰਮੋਸ਼ਨ ਦਾ ਬਲਕਿ ਐਪ ਚਲਾ ਕੇ ਵੱਡਾ ਮੁਨਾਫ਼ਾ ਕਮਾਉਣ ਦਾ ਵੀ ਦੋਸ਼ ਹੈ। ਇਸ ਤੋਂ ਪਹਿਲਾਂ ਸਾਹਿਲ ਖ਼ਾਨ ਨੂੰ ਦੁਬਈ ਵਿਚ ਆਨਲਾਈਨ ਸੱਟੇਬਾਜ਼ੀ ਐਪ ਦੀ ਇਕ ਪਾਰਟੀ ਦੇ ਵੀਡੀਓ ਵਿਚ ਦੇਖਿਆ ਗਿਆ ਸੀ। ਇਸ ਨੂੰ ਉਸ ਸਮੇਂ ਪ੍ਰਮੋਸ਼ਨਲ ਵੀਡੀਓ ਦੱਸਿਆ ਗਿਆ ਸੀ। ਹੁਣ ਐਪ ਸੰਚਾਲਕ ਵਜੋਂ ਐੱਫਆਈਆਰ ਵਿਚ ਨਾਂ ਆਉਣ ਨਾਲ ਸਾਹਿਲ ਖ਼ਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਹਿਲ ਖ਼ਿਲਾਫ਼ ਦੂਜਾ ਮਾਮਲਾ ਖਿਡਾਰੀ ਨਾਂ ਦਾ ਸੱਟੇਬਾਜ਼ੀ ਐਪ ਚਲਾਉਣ ਦੇ ਦੋਸ਼ ਵਿਚ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸੋਸ਼ਲ ਵਰਕਰ ਬਨਕਰ ਨੇ ਦਾਅਵਾ ਕੀਤਾ ਹੈ ਕਿ ਮਹਾਦੇਵ ਐਪ ਰਾਹੀਂ ਹਜ਼ਾਰਾਂ ਲੋਕਾਂ ਤੋਂ 15,000 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਗਈ ਹੈ। ਮੁੰਬਈ ਪੁਲਿਸ ਨੇ ਆਈਪੀਸੀ ਦੀ ਧਾਰਾ 420, 465, 467, 468, 471 ਤੇ 120 (ਬੀ) ਤਹਿਤ ਮਾਮਲਾ ਦਰਜ ਕੀਤਾ ਹੈ। ਈਡੀ ਮਹਾਦੇਵ ਬੁੱਕ ਆਨਲਾਈਨ ਸੱਟੇਬਾਜ਼ੀ ਏਪੀਪੀ ਸਿੰਡੀਕੇਟ ਦੀ ਜਾਂਚ ਕਰ ਰਹੀ ਹੈ। ਇਸ ਸੱਟੇਬਾਜ਼ੀ ਸਿੰਡੀਕੇਟ ਦੇ ਪ੍ਰਮੋਟਰ ਵਿਦੇਸ਼ ਵਿਚ ਬੈਠੇ ਹਨ ਤੇ ਆਪਣੇ ਦੋਸਤਾਂ ਤੇ ਸਹਿਯੋਗੀਆਂ ਦੀ ਮਦਦ ਨਾਲ ਭਾਰਤ ਵਿਚ ਸੱਟੇਬਾਜ਼ੀ ਐਪ ਚਲਾ ਰਹੇ ਹਨ। ਈਡੀ ਮੁਤਾਬਕ ਉਸ ਨੇ ਪਹਿਲਾਂ ਹੀ ਚਾਰ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਤੇ 450 ਕਰੋੜ ਰੁਪਏ ਤੋਂ ਵੱਧ ਦੀ ਅਪਰਾਧ ਵਿਚ ਇਕੱਠੀ ਕੀਤੀ ਗਈ ਆਮਦਨ ਜ਼ਬਤ ਕਰ ਲਈ ਹੈ।
ਦੋ ਨਵੰਬਰ ਨੂੰ ਈਡੀ ਨੂੰ ਖ਼ੂਫ਼ੀਆ ਜਾਣਕਾਰੀ ਮਿਲੀ ਸੀ ਕਿ ਸੱਤ ਤੇ 17 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਮਹਾਦੇਵ ਏਪੀਪੀ ਦੇ ਪ੍ਰਮੋਟਰਾਂ ਵੱਲੋਂ ਛੱਤੀਸਗੜ੍ਹ ਵਿਚ ਵੱਡੀ ਗਿਣਤੀ ਵਿਚ ਨਕਦੀ ਲਿਜਾਈ ਜਾ ਰਹੀ ਹੈ। ਈਡੀ ਨੇ ਹੋਟਲ ਟ੍ਰਾਈਟਨ ਤੇ ਭਿਲਾਈ ਵਿਚ ਇਕ ਹੋਰ ਥਾਂ ’ਤੇ ਤਲਾਸ਼ੀ ਲਈ ਤੇ ਇਕ ਕੈਸ਼ ਕੂਰੀਅਰ ਅਸੀਮ ਦਾਸ ਨੂੰ ਫੜਿਆ। ਦੋਸ਼ ਹਨ ਕਿ ਉਸ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਚੋਣ ਖ਼ਰਚਿਆਂ ਲਈ ਵੱਡੀ ਗਿਣਤੀ ਵਿਚ ਨਕਦੀ ਪਹੁੰਚਾਉਣ ਲਈ ਖ਼ਾਸ ਤੌਰ ’ਤੇ ਸੰਯੁਕਤ ਅਰਬ ਅਮੀਰਾਤ ਤੋਂ ਭੇਜਿਆ ਗਿਆ ਸੀ। ਈਡੀ ਦਾ ਦਾਅਵਾ ਹੈ ਕਿ ਅਸੀਮ ਦਾਸ ਤੋਂ ਪੁੱਛਗਿੱਛ ਤੇ ਉਸ ਕੋਲੋਂ ਬਰਾਮਦ ਫੋਨ ਦੀ ਫੋਰੇਂਸਿਕ ਜਾਂਚ ਤੇ ਮਹਾਦੇਵ ਨੈੱਟਵਰਕ ਦੇ ਇਕ ਉੱਚ ਅਹੁਦੇਦਾਰ ਦੋਸ਼ੀ ਵੱਲੋਂ ਭੇਜੇ ਗਏ ਈਮੇਲ ਦੀ ਜਾਂਚ ਤੋਂ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਰੈਗੂਲਰ ਭੁਗਤਾਨ ਅਤੀਤ ਵਿਚ ਕੀਤੇ ਗਏ ਹਨ ਤੇ ਹੁਣ ਤੱਕ ਮਹਾਦੇਵ ਏਪੀਪੀ ਪ੍ਰਮੋਟਰਜ਼ ਵੱਲੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਲਗਪਗ 508 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਬਰਮਨ ਪਰਿਵਾਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਡਾਬਰ ਦੇ ਪ੍ਰਮੋਟਰ ਬਰਮਨ ਪਰਿਵਾਰ ਨੇ ਕਿਹਾ ਕਿ ਸਮੂਹ ਦੇ ਦੋ ਸੀਨੀਅਰ ਮੈਂਬਰਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫਆਈਆਰ ਹੋਰ ਕੁਝ ਹੋਰ ਨਹੀਂ ਬਲਕਿ ਰੇਲੀਗੇਅਰ ਇੰਟਰਪ੍ਰਾਈਜਿਜ਼ ਦੇ ਅਕਵਾਇਰ ਨੂੰ ਰੋਕਣ ਦੀ ਕੋਸ਼ਿਸ਼ ਵਿਚ ਨਿੱਜੀ ਸਵਾਰਥਾਂ ਵੱਲੋਂ ਚੁੱਕਿਆ ਗਿਆ ਇਕ ਕਦਮ ਹੈ। ਪਰਿਵਾਰ ਨੇ ਇਸ ਮਾਮਲੇ ਵਿਚ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


