ਡਿਜੀਟਲ ਡੈਸਕ, ਭਿਲਾਈ: ਮਹਾਦੇਵ ਗੇਮਿੰਗ ਐਪ ਦੇ ਸਰਗਨਿਆਂ ‘ਤੇ ਪੁਲਿਸ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ। ਦੁਬਈ ਪੁਲਿਸ ਨੇ ਲਗਪਗ ਇਕ ਹਫ਼ਤੇ ਪਹਿਲਾਂ ਐਪ ਦੇ ਇਕ ਸਰਗਨਾ ਰਵੀ ਉੱਪਲ ਨੂੰ ਗ੍ਰਿਫ਼ਤਾਰ ਸੀ। ਹੁਣ ਐਪ ਦੇ ਦੂਜੇ ਸਰਗਨਾ ਸੌਰਭ ਚੰਦਰਾਕਰ ‘ਤੇ ਕਾਰਵਾਈ ਕਰਦੇ ਹੋਏ ਉਸ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਹੈ।

ਈਡੀ ਦੀ ਅਪੀਲ ‘ਤੇ ਭਾਰਤ ਸਰਕਾਰ ਨੇ ਦੋਵਾਂ ਖਿ਼ਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਤੇ ਕਾਰਵਾਈ ਕਰਦੇ ਹੋਏ ਯੂਏਈ ਪੁਲਿਸ ਨੇ ਨਜ਼ਰਬੰਦੀ ਦੀ ਕਾਰਵਾਈ ਕੀਤੀ ਹੈ। ਕਾਨੂੰਨੀ ਕਾਰਵਾਈਆਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਵੀ ਉੱਪਲ ਅਤੇ ਸੌਰਭ ਚੰਦਰਾਕਰ ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਦੇ ਰਹਿਣ ਵਾਲੇ ਹਨ।

ਖੇਡਾਂ ਅਤੇ ਚੋਣਾਂ ‘ਚ ਸੱਟੇਬਾਜ਼ੀ ਕੀਤੀ ਜਾਂਦੀ ਸੀ

ਮਹਾਦੇਵ ਐਪ ਆਨਲਾਈਨ ਸੱਟੇਬਾਜ਼ੀ ਲਈ ਬਣਾਇਆ ਗਿਆ ਸੀ। ਇਸ ‘ਤੇ ਯੂਜ਼ਰਸ ਪੋਕਰ, ਕਾਰਡ ਗੇਮਜ਼, ਚਾਂਸ ਗੇਮਜ਼ ਨਾਂ ਨਾਲ ਲਾਈਵ ਗੇਮ ਖੇਡਦੇ ਸਨ। ਐਪ ਦੇ ਜ਼ਰੀਏ ਕ੍ਰਿਕਟ, ਬੈਡਮਿੰਟਨ, ਟੈਨਿਸ, ਫੁੱਟਬਾਲ ਵਰਗੀਆਂ ਖੇਡਾਂ ਅਤੇ ਚੋਣਾਂ ‘ਚ ਸੱਟਾ ਲਾਇਆ ਜਾਂਦਾ ਸੀ। ਸੱਟੇ ਦੇ ਨੈੱਟਵਰਕ ਦੇ ਜ਼ਰੀਏ ਐਪ ਦਾ ਜਾਲ ਤੇਜ਼ੀ ਨਾਲ ਫੈਲਿਆ ਅਤੇ ਸਭ ਤੋਂ ਵੱਧ ਅਕਾਊਂਟ ਛੱਤੀਸਗੜ੍ਹ ‘ਚ ਹੀ ਖੁੱਲ੍ਹੇ।

ਦੀਪਕ ਨੇਪਾਲ ਨੂੰ ਦੁਰਗ ਤੋਂ ਕੀਤਾ ਗਿਆ ਗ੍ਰਿਫ਼ਤਾਰ

ਮਹਾਦੇਵ ਐਪ ਨਾਲ ਧੋਖਾਧੜੀ ਲਈ ਇਕ ਪੂਰਾ ਜਾਲ ਬਣਾਇਆ ਗਿਆ ਸੀ। ਇਸ ਦੌਰਾਨ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨਾਲ ਡਾਇਰੈਕਟ ਸੰਪਰਕ ਰੱਖਣ ਵਾਲੇ ਮਹਾਦੇਵ ਐਪ ਨਾਲ ਜੁੜੇ ਦੀਪਕ ਨੇਪਾਲੀ ਨੂੰ ਦੁਰਗ ਜ਼ਿਲ੍ਹੇ ਦੇ ਵੈਸ਼ਾਲੀ ਥਾਣੇ ਦੀ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਦੀਪਕ ਨੇਪਾਲੀ 2021 ਤੋਂ ਮਹਾਦੇਵ ਐਪ ਨਾਲ ਜੁੜਿਆ ਸੀ

ਪੁਲਿਸ ਦੀਪਕ ਨੇਪਾਲੀ ਨੂੰ ਇਕ ਸਾਲ ਤੋਂ ਭਾਲ ਰਹੀ ਸੀ। ਦੁਰਗ ਪੁਲਿਸ ਨੇ ਨੇਪਾਲੀ ਉੱਪਰ ਰਾਸੁਕਾ ਵੀ ਲਾਇਆ ਹੋਇਆ ਹੈ। ਦੀਪਕ ਨੇਪਾਲੀ ਉਰਫ਼ ਦੀਪਕ ਸਿੰਘ ਵੀ ਭਿਲਾਈ ਦਾ ਰਹਿਣ ਵਾਲਾ ਹੈ। ਦੀਪਕ ਨੇਪਾਲੀ ਸਾਲ 2021 ‘ਚ ਮਹਾਦੇਵ ਐਪ ਨਾਲ ਜੁੜਿਆ ਸੀ। ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੇ ਕਹਿਣ ‘ਤੇ ਉਹ ਛੱਤੀਸਗੜ੍ਹ ਸਣੇ ਹੋਰ ਰਾਜਾਂ ‘ਚ ਮਹਾਦੇਵ ਗੇਮਿੰਗ ਐਪ ਦਾ ਸੰਚਾਲਨ ਕਰਦਾ ਸੀ।

ਇਕ ਪਾਸੇ ਨੇਪਾਲੀ ਛੱਤੀਸਗੜ੍ਹ ਸਣੇ ਕਈ ਰਾਜਾਂ ਦਾ ਮੁੱਖ ਏਜੰਟ ਸੀ। ਉਹ ਲੇਕੇਸ਼ਨ ਬਦਲ ਕੇ ਦੂਜੇ ਰਾਜਾਂ ‘ਚ ਘੁੰਮਦਾ ਸੀ। ਬੀਤੇ ਮੰਗਲਵਾਰ ਨੂੰ ਦੀਪਕ ਦੇ ਵੈਸ਼ਾਲੀ ਨਗਰ ‘ਚ ਵੇਖੇ ਜਾਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਘੇਰਾਬੰਦੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ।