ਪ੍ਰਿੰਸ ਸ਼ਰਮਾ, ਲੁਧਿਆਣਾ : ਪਿੰਡ ਮਾਂਗਟ ਵਿਖੇ ਸਥਿਤ ਡਾਇੰਗ ਉਦਯੋਗਾਂ ਦੁਆਰਾ ਰਿਵਰਸ ਬੋਰਿੰਗ ਦੁਆਰਾ ਉਦਯੋਗਿਕ ਗੰਦੇ ਪਾਣੀ ਦਾ ਜ਼ਮੀਨ ’ਚ ਨਿਕਾਸ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਦੇ ਖੇਤਾਂ ’ਚ ਲੱਗੇ ਟਿਊਬਵੈੱਲਾਂ ’ਚੋਂ ਕਾਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਹ ਉਕਤ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਪੀਪੀਸੀਬੀ ਨੂੰ ਸ਼ਿਕਾਇਤ ਕਰ ਚੁੱਕੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਦੱਸਣਯੋਗ ਹੈ ਕਿ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਅਗਲੀ ਕਮਾਨ ਲੋਕ ਐਕਸ਼ਨ ਕਮੇਟੀ ਦੇ ਮੈਬਰਾਂ ਵੱਲੋਂ ਸੰਭਾਲੀ ਗਈ ਹੈ।

ਕਮੇਟੀ ਵੱਲੋਂ ਸੋਮਵਾਰ ਨੂੰ ਉਕਤ ਮਾਮਲੇ ਸਬੰਧੀ ਇਕ ਦਰਖ਼ਾਸਤ ਚੇਅਰਮੈਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਮੁੱਖ ਸਕੱਤਰ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਅਮਨਦੀਪ ਸਿੰਘ ਬੈਂਸ ਕਿਹਾ ਕਿ ਪਿੰਡ ਮਾਂਗਟ, ਰਾਹੋਂ ਰੋਡ ਲੁਧਿਆਣਾ ’ਚ ਲੱਗੇ ਦੋ ਟਿਊਬਵੈੱਲਾਂ ’ਚੋਂ ਕੈਮੀਕਲ ਵਾਲਾ ਬਦਬੂਦਾਰ ਪਾਣੀ ਆ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਆਲੇ-ਦੁਆਲੇ ਸਥਿਤ ਉਦਯੋਗਾਂ ਦੁਆਰਾ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪ੍ਰਭਾਵਿਤ ਸਥਾਨਕ ਲੋਕਾਂ ਵੱਲੋਂ ਇਹ ਮੁੱਦਾ ਉਠਾਉਣ ਅਤੇ ਕਈ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। ਬੈਂਸ ਨੇ ਕਿਹਾ ਕਿ ਮਾਂਗਟ ਪਿੰਡ ’ਚ 3500 ਲੋਕਾਂ ਦੀ ਅਬਾਦੀ ਹੈ, ਜਿਸ ’ਚ 20 ਤੋਂ 25 ਮਰੀਜ਼ ਕੈਂਸਰ ਦੇ ਹਨ ਤੇ ਕਈ ਕੈਂਸਰ ਦੀ ਬਿਮਾਰੀ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਵਿਭਾਗਾਂ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਜਲਦ ਕਮੇਟੀ ਵੱਲੋਂ ਇਸ ਸਮੱਸਿਆ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਵੀ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਅੱਜ ਲਏ ਜਾਣਗੇ ਪਾਣੀ ਦੇ ਸੈਂਪਲ : ਗੁਪਤਾ

ਇਸ ਸੰਬਧੀ ਪੀਪੀਸੀਬੀ ਚੀਫ ਇੰਜੀਨੀਅਰ ਪਰਦੀਪ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀਪੀਸੀਬੀ ਨੂੰ ਮਾਮਲੇ ਸਬੰਧੀ ਇਕ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਲਈ ਸੋਮਵਾਰ ਨੂੰ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਮੱਕੇ ’ਤੇ ਮੌਜੂਦ ਹੋਣ ’ਚ ਅਸਮਰਥ ਸੀ। ਮੰਗਲਵਾਰ ਨੂੰ ਸ਼ਿਕਾਇਤ ਦੀ ਜਾਂਚ ਕਰ ਮੌਕੇ ’ਤੇ ਪਾਣੀ ਦੇ ਅਤੇ ਹੋਰ ਲੋੜੀਂਦੇ ਸੈਂਪਲ ਲਏ ਜਾਣਗੇ, ਜਿਸ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਬੁੱਢਾ ਦਰਿਆ ’ਚ ਪ੍ਰਦੂਸ਼ਣ ਖ਼ਿਲਾਫ਼ ਵਾਤਾਵਰਨ ਪ੍ਰੇਮੀਆਂ ਨੇ ਪਹਿਲਾਂ ਹੀ ਵਿੱਢੀ ਹੋਈ ਹੈ ਮੁਹਿੰਮ

ਦੱਸਣਯੋਗ ਹੈ ਕਿ ਵਾਤਾਵਰਨ ਪ੍ਰੇਮੀਆਂ ਵੱਲੋਂ ਬੁੱਢਾ ਦਰਿਆ ’ਚ ਪ੍ਰਦੂਸ਼ਣ ਖ਼ਿਲਾਫ਼ ਪਹਿਲਾਂ ਹੀ ਮੁਹਿੰਮ ਛੇੜੀ ਹੋਈ ਹੈ, ਜਿਸ ਤਹਿਤ ਪੈਦਲ ਯਾਤਰਾ ਕੀਤੀ ਜਾਂਦੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਮਹਾਨਗਰ ’ਚ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੋਣ ਦੀ ਮਿਸਾਲ ਇਥੋਂ ਹੀ ਮਿਲਦੀ ਹੈ ਕਿ ਹੁਣ ਖੇਤਾਂ ’ਚ ਲੱਗੇ ਟਿਊਬਵੈੱਲਾਂ ’ਚ ਵੀ ਕੈਮੀਕਲ ਵਾਲਾ ਪਾਣੀ ਆਉਣ ਲੱਗ ਪਿਆ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਜਾਵੇਗਾ ਤੇ ਵੱਡੀ ਗਿਣਤੀ ਲੋਕ ਬਿਮਾਰੀਆਂ ਦੀ ਲਪੇਟ ’ਚ ਆ ਜਾਣਗੇ।