ਸਰਵਣ ਸਿੰਘ ਭੰਗਲਾਂ, ਸਮਰਾਲਾ : ਸਮਰਾਲਾ ਸ਼ਹਿਰ ਵਿਚ ਅੱਜ ਦਿਨ-ਦਿਹਾੜੇ ਸ਼ਹਿਰ ਦੇ ਮਾਛੀਵਾੜਾ ਰੋਡ ’ਤੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਲੜਾਈ ਦਰਮਿਆਨ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਸਮੇਤ ਟੋਇਟਾ ਕੋਰੋਲਾ ਗੱਡੀ ਦੀ ਭੰਨਤੌੜ ਹੋਣ ਦੀ ਘਟਨਾ ਸਾਹਮਣੇ ਆਈ ਹੈ।

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪੜਤਾਲ ਦੌਰਾਨ ਘਟਨਾਸਥਾਨ ਤੋਂ ਪਿਸਤੌਲ ਦਾ ਭਰਿਆ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ ਹੈ। ਜ਼ਖ਼ਮੀ ਹੋਏ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ, ਅੱਜ ਸ਼ਾਮ ਨੂੰ ਮਾਛੀਵਾੜਾ ਰੋਡ ’ਤੇ ਕਾਰ ਸਵਾਰ ਦੋ ਧੜਿਆਂ ਵਿਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਲਬਲੀ ਮੱਚ ਗਈ। ਟੋਇਟਾ ਕੋਰੋਲਾ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੂੰ ਅਚਾਨਕ ਦੂਜੇ ਧੜੇ ਦੇ ਕਾਰ ਸਵਾਰਾਂ ਵੱਲੋਂ ਘੇਰ ਲਿਆ ਗਿਆ ਅਤੇ ਗੱਡੀ ਦੀ ਭੰਨਤੋੜ ਕਰ ਦਿੱਤੀ। ਗੱਡੀ ਵਿਚ ਸਵਾਰ ਇੱਕ ਨੌਜਵਾਨ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਅਲੂਣਾ (ਪਾਇਲ) ਹੋਈ, ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਨਾਲ ਕਾਰ ਵਿਚ ਸਵਾਰ ਦੂਜਾ ਨੌਜਵਾਨ ਘਟਨਾ ਤੋਂ ਬਾਅਦ ਮੌਕੇ ਤੋਂ ਗਾਇਬ ਹੋ ਗਿਆ। ਹਾਲਾਂਕਿ ਕੁਝ ਲੋਕਾਂ ਵੱਲੋਂ ਇਸ ਲੜਾਈ ਵਿਚ ਗੋਲ਼ੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਪੁਲਿਸ ਵੱਲੋਂ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ।

ਘਟਨਾਂ ਵਾਲੀ ਥਾਂ ’ਤੇ ਪਹੁੰਚੇ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ, ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਘਟਨਾ ਸਥਾਨ ਤੋਂ ਪਿਸਤੌਲ ਦਾ ਭਰਿਆ ਮੈਗਜ਼ੀਨ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ, ਜ਼ਖ਼ਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਪੂਰਾ ਮਾਮਲਾ ਕੀ ਹੈ, ਇਹ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।