ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਫੈਕਟਰੀਆਂ ਵਿੱਚ ਸਪਲਾਈ ਕੀਤੇ ਜਾਣ ਵਾਲੇ ਆਕਸੀਜਨ ਕਾਰਬਨਾਈਨ, ਆਕਸਾਈਡ ਅਤੇ ਨਾਈਟਰੋਜਨ ਦੇ 275 ਖਾਲੀ ਸਿਲੰਡਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰੋਬਾਰੀ ਕੁਆਲਿਟੀ ਚੌਕ ਡਾਬਾ ਰੋਡ ਦੇ ਵਾਸੀ ਨਰੇਸ਼ ਕੁਮਾਰ ਸਿੰਘੀ ਦੀ ਸ਼ਿਕਾਇਤ ‘ਤੇ ਬਿਹਾਰ ਦੇ ਰਹਿਣ ਵਾਲੇ ਰੁਦਰ ਕੁਮਾਰ ਅਤੇ ਉਸਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਚੋਰੀ ਹੋਏ ਸਿਲੰਡਰਾਂ ਦੀ ਕੀਮਤ 24 ਲੱਖ 75 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਸਿੰਘੀ ਨੇ ਦੱਸਿਆ ਕਿ ਉਹ ਕੁਆਲਿਟੀ ਰੋਡ ਸ਼ਮਿਲਾਪੁਰੀ ਇਲਾਕੇ ਵਿੱਚ ਸਿੰਘੀ ਲਾਈਟ ਸਰਵਿਸ ਨਾਮ ਦਾ ਕਾਰੋਬਾਰ ਚਲਾਉਂਦੇ ਹਨ। ਕੁਝ ਦਿਨ ਪਹਿਲੋਂ ਨਰੇਸ਼ ਕੁਮਾਰ ਸਿੰਘੀ ਨੇ ਦੇਖਿਆ ਕਿ ਉਹਨਾਂ ਦੀ ਫਰਮ ਦੇ ਸਿਲੰਡਰ ਗੋਦਾਮ ਚੋਂ ਘੱਟ ਰਹੇ ਸਨ। ਚਾਰ ਨਵੰਬਰ ਨੂੰ ਜਾਂਚ ਕਰਨ ਤੇ ਪਤਾ ਲੱਗਾ ਕਿ ਗੋਦਾਮ ਚੋਂ 275 ਸਿਲੰਡਰ ਗਾਇਬ ਸਨ। ਨਰੇਸ਼ ਸਿੰਘੀ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਖਦਸ਼ਾ ਜਾਹਿਰ ਕੀਤਾ ਕਿ ਉਨਾਂ ਦੇ ਕਈ ਸਾਲ ਪੁਰਾਣੇ ਨੌਕਰ ਰੁਦਰ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥੋੜੇ ਥੋੜੇ ਕਰਕੇ ਸਿਲੰਡਰ ਚੋਰੀ ਕੀਤੇ ਹਨ। ਸਿੰਘੀ ਦੇ ਮੁਤਾਬਕ ਖਾਲੀ ਸਿਲੰਡਰ ਦੀ ਕੀਮਤ 9000 ਦੇ ਕਰੀਬ ਬਣਦੀ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੇ ਏਐਸਆਈ ਹਰਭੋਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰੁਦਰ ਕੁਮਾਰ ਅਤੇ ਉਸਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।