ਮਾਣਕ ਉਹ ਅਨਮੋਲ ਵਸਤੂ ਹੈ, ਜਿਸ ਦੀ ਕੋਈ ਕੀਮਤ ਨਹੀਂ, ਭਾਵ ਉਸ ਨੂੰ ਕੋਈ ਖ਼ਰੀਦ ਨਹੀਂ ਸਕਦਾ। ਅਸੀਂ ਜਿਸ ਮਾਣਕ ਦੀ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਨੇ ਵੀ ਗ਼ਰੀਬੀ ਤੇ ਭੁੱਖ ਪਿਆਸ ਦੀ ਭੱਠੀ ਵਿਚ ਤਪ ਕੇ ਆਪਣੀ ਮਿਹਨਤ ਨਾਲ ਪੰਜਾਬੀ ਗਾਇਕੀ ’ਚ ਖ਼ੁਦ ਨੂੰ ਸਮਰਪਿਤ ਕਰ ਕੇ ਮਾਲਵੇ ਦਾ ਸਪੂਤ, ਕਲੀਆਂ ਦਾ ਬਾਦਸ਼ਾਹ, ਲੋਕ ਗਾਥਾਵਾਂ ਦਾ ਬਾਦਸ਼ਾਹ ਵਰਗੇ ਅਨੇਕ ਖ਼ਿਤਾਬ ਹਾਸਿਲ ਕਰ ਕੇ ਆਪਣੇ ਨਾਂ ਨੂੰ ਗਾਇਕੀ ਦੇ ਸੱਤਵੇਂ ਅਸਮਾਨ ਵਿਚ ਲਿਖਵਾਇਆ।

ਕੁਲਦੀਪ ਮਾਣਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਚ ਮਾਤਾ ਬਚਨ ਕੌਰ ਦੀ ਕੁੱਖੋਂ ਪਿਤਾ ਨਿੱਕਾ ਸਿੰਘ ਦੇ ਘਰ 15 ਨਵੰਬਰ 1951 ਨੂੰ ਹੋਇਆ। ਮਾਪਿਆਂ ਨੇ ਉਸ ਨੂੰ ਲਤੀਫ਼ ਮੁੰਹਮਦ ਦੇ ਨਾਂ ਨਾਲ ਨਿਵਾਜਿਆ। ਬਚਪਨ ਤੋਂ ਜਵਾਨੀ ਵੱਲ ਵੱਧਦਾ ਹੋਇਆ ਲਤੀਫ ਮੁਹੰਮਦ ਲੱਧੇ ਦੇ ਨਾਂ ਨਾਲ ਮਸ਼ਹੂਰ ਹੋਇਆ। ਘਰ ਦੀ ਗ਼ਰੀਬੀ ਨੂੰ ਸਹਾਰਦੇ ਹੋਇਆ ਲੱਧਾ ਦਸਵੀਂ ਵਿਚ ਪੜ੍ਹਦਿਆਂ ਹੀ ਸਕੂਲ ’ਚ ਹੋਏ ਇਕ ਫੰਕਸ਼ਨ ਵਿਚ ਸ਼ਾਮਲ ਹੋਏ ਤੱਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਜੀ ਦੇ ਮੁੱਖੋਂ ਮਾਣਕ ਦਾ ਖ਼ਿਤਾਬ ਹਾਸਲ ਕਰ ਗਿਆ ਸੀ। ਆਪਣੇ ਉਸਤਾਦ ਕੱਵਾਲ ਖ਼ੁਸ਼ੀ ਮੁਹੰਮਦ ਤੋਂ ਸੰਗੀਤ ਦੀ ਸਿੱਖਿਆ ਲੈ ਕੇ ਸਾਲ 1968 ਵਿਚ ਸੰਗੀਤਕ ਖੇਤਰ ’ਚ ਸੁਰਿੰਦਰ ਸੀਮਾ ਨਾਲ ਗਾਇਕ ਵਜੋਂ ਤਾਲ ਠੋਕ ਦਿੱਤੀ। ਸਮੇਂ ਦੇ ਗੁਜ਼ਰਨ ਨਾਲ 1972-73 ਵਿਚ ਲੋਕ ਗਾਥਾਵਾਂ ਨਾਲ ਭਰਪੂਰ ਆਏ ਐੱਲਪੀ ਰਿਕਾਰਡ ਨਾਲ ਮਾਣਕ ਨੇ ਆਪਣੀ ਅਜਿਹੀ ਪਛਾਣ ਬਣਾਈ ਕਿ ਉਹ ਦਿਨੋਂ-ਦਿਨ ਸੰਗੀਤ ਦੀਆਂ ਬੁਲੰਦੀਆਂ ਨੂੰ ਛੂੰਹਦਾ ਗਿਆ। ਉੱਚੀ ਤੇ ਜੋਸ਼ੀਲੀ ਆਵਾਜ਼ ਦੇ ਮਾਲਕ ਮਾਣਕ ਨੇ ਪੰਜਾਬੀ ਸੱਭਿਆਚਾਰ, ਲੋਕ ਰੰਗ, ਗਜ਼ਲ, ਕੱਵਾਲੀ, ਪਰਿਵਾਰਕ ਤੇ ਧਾਰਮਿਕ ਜੋ ਵੀ ਗਾਇਆ, ਜਿਸ ਗੀਤਕਾਰ ਦੀ ਕਲਮ ਨੂੰ ਗਾਇਆ ਉਸ ਦੇ ਨਾਮ ਨੂੰ ਸੁਨਹਿਰੀ ਹਰਫ਼ਾਂ ਵਿਚ ਦਰਜ ਕਰ ਦਿੱਤਾ। ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਸ਼ਾਇਦ ਅਜਿਹਾ ਪਹਿਲਾ ਕਲਾਕਾਰ ਹੈ, ਜਿਸ ਦੀ ਆਵਾਜ਼ ਵਿਚ ਗੀਤਕਾਰ ਗੀਤ ਰਿਕਾਰਡ ਕਰਵਾਉਣਾ ਮਾਣ ਮਹਿਸੂਸ ਕਰਦਾ ਸੀ।

ਕੁਲਦੀਪ ਮਾਣਕ ਨੇ ਆਪਣੀ ਲੰਮੀ ਹੇਕ ਤੇ ਉੱਚੀ ਸੁਰ ਨਾਲ ‘ਤੇਰੇ ਟਿੱਲੇ ਤੋਂ’, ‘ਛੇਤੀ ਕਰ ਸਰਵਣ ਬੱਚਾ’, ‘ਮਾਂ ਹੁੰਦੀ ਏ ਮਾਂ’, ‘ਰੰਨਾਂ ਚੰਚਲ ਹਾਰੀਆਂ’, ‘ਮਾਂ ਮਿਰਜੇ ਦੀ ਬੋਲਦੀ’, ‘ਸਹਿਬਾਂ ਬਣੀ ਭਰਾਵਾਂ ਦੀ’, ‘ਦੁਨੀਆਂ ਧੋਖੇਬਾਜਾਂ ਦੀ’, ‘ਚੰਨਾਂ ਮੈਂ ਤੇਰੀ ਖ਼ੈਰ ਮੰਗਦੀ’, ‘ਗੋਲ਼ੀ ਮਾਰ ਬਨਾਉਟੀ ਯਾਰ ਦੇ’, ‘ਮਾਣ ਕਰੀ ਨਾ ਜੱਟੀਏ’, ‘ਇੱਛਰਾਂ ਧਾਹਾਂ ਮਾਰਦੀ’, ‘ਕਮੀਨੇ ਯਾਰ’, ‘ਪੁੱਤਰ ਦੀ ਕਸਮ’, ‘ਨੀ ਪੁੱਤ ਜੱਟਾਂ ਦਾ’, ‘ਸੱਚੀਂ ਗੱਲ’, ‘ਸਾਹਿਬਾਂ ਦਾ ਤਰਲਾ’, ‘ਛੱਡੀਏ ਨਾ ਵੈਰੀ ਨੂੰ’, ‘ਤੇਰੀ ਐ ਮੈਂ ਤੇਰੀ ਰਾਝਾ’, ‘ਪੁੱਤ ਮਰੇ ਨਾ ਭੁੱਲਦੇ’, ‘ਯਾਰ ਦਾ ਚੌਥਾ ਗੇੜਾ’, ‘ਹੋਇਆ ਕਿ ਜੇ ਧੀ ਜੰਮ ਪਈ’ ਅਤੇ ‘ਚਾਦਰ’ ਵਰਗੇ ਹਜ਼ਾਰਾਂ ਗੀਤ ਗਾਏ। ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਆਪਣੀ ਆਵਾਜ਼ ਤੇ ਅੰਦਾਜ਼ ਦੀ ਵਿਲੱਖਣਤਾ ਨਾਲ ਗਾਇਕੀ ਦੀਆਂ ਸਿਖ਼ਰਾਂ ਨੂੰ ਛੋਹਿਆ। ਪੰਜਾਬੀ ਸੰਗੀਤ ਵਿਚ ਲੋਕ ਗਾਥਾਵਾਂ ਗਾ ਕੇ ਮਾਣਕ ਨੇ ਇਤਿਹਾਸ ਸਿਰਜ ਕੇ ਆਪਣੇ ਨਾਂ ਦਾ ਅਜਿਹਾ ਯੁੱਗ ਸਥਾਪਤ ਕੀਤਾ ਜਿਸ ਦਾ ਅਜੇ ਤੱਕ ਕੋਈ ਵੀ ਬਦਲ ਨਹੀਂ ਹੋਇਆ। ਭਾਵ ਕਿ ਅਨੇਕਾਂ ਹੀ ਕਲਾਕਾਰ ਆਪਣੇ ਨਾਂ ਦੀ ਛਾਪ ਛੱਡਦੇ ਗਏ ਪਰ ਮਾਣਕ ਦਾ ਨਾਂ ਅੱਜ ਵੀ ਚੱਟਾਨ ਵਾਂਗ ਅਡੋਲ ਖੜ੍ਹਾ ਹੈ। ਰੇਤਲੇ ਟਿੱਬਿਆਂ ’ਚ ਜਨਮੇ ਮਾਣਕ ਨੇ ਸਰਕੜਿਆਂ ਵਾਂਗ ਸ਼ੂਕਦੀ ਆਪਣੀ ਜੋਸ਼ੀਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿਚ ਅਜਿਹਾ ਘਰ ਕੀਤਾ ਕਿ ਉਹ ਮੁੜ ਉਸ ਤੋਂ ਮੁਨਕਰ ਨਾ ਹੋ ਸਕੇ। ਲੋਕ ਦਿਲਾਂ ’ਚ ਵਸਦਾ ਮਾਣਕ ਅੱਜ ਵੀ ਆਪਣੇ ਲੋਕਾਂ ਦਾ ਚਹੇਤਾ ਕਲਾਕਾਰ ਹੈ।

ਕੁਲਦੀਪ ਮਾਣਕ 30 ਨਵੰਬਰ 2011 ਨੂੰ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਮਾਣਕ ਨੂੰ ਵਿਛੜਿਆਂ ਪੂਰੇ 12 ਸਾਲ ਹੋ ਗਏ ਹਨ ਪਰ ਉਸ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਜ਼ਿਹਨ ’ਚ ਅੱਜ ਵੀ ਮੌਜੂਦ ਹੈ। ਪੰਜਾਬੀ ਸੰਗੀਤ ਵਿਚ ਮਾਣਕ ਦੀ ਗਾਇਕੀ ਇਕ ਯੂਨੀਵਰਸਿਟੀ ਦੀ ਤਰ੍ਹਾਂ ਸਥਾਪਤ ਹੋਈ ਹੈ, ਜਿੱਥੇ ਅਨੇਕ ਨਵੇਂ ਕਲਾਕਾਰ ਉਨ੍ਹਾਂ ਦੀਆਂ ਧੁੰਨਾਂ ਤੇ ਗੀਤਾਂ ਨੂੰ ਗਾ ਕੇ ਆਪਣੇ ਨਾਂ ਦੀ ਪਛਾਣ ਬਣਾ ਰਹੇ ਹਨ। ਪੰਜਾਬ ਦੇ ਨਾਮਵਰ ਗਾਇਕ ਵੀ ਉਨ੍ਹਾਂ ਦੇ ਗੀਤਾਂ ਨੂੰ ਗਾ ਕੇ ਆਪਣੀ ਕਲਾ ਦਾ ਖ਼ੂਬ ਰੰਗ ਬਖੇਰ ਰਹੇ ਹਨ। ਮਾਣਕ ਪੰਜਾਬੀ ਸੰਗੀਤ ਦਾ ਉਹ ਧਰੂ ਤਾਰਾ ਸੀ/ਹੈ ਜੋ ਅੱਜ ਵੀ ਗਾਇਕੀ ਦੇ ਵਿਹੜੇ ਵਿਚ ਆਪਣੇ ਨਾਂ ਦੀ ਚਮਕ ਬਿਖੇਰਦਾ ਹੋਇਆ ਲੋਕ ਦਿਲਾਂ ਵਿਚ ਵਸ ਰਿਹਾ ਹੈ।

ਅਖਾੜਿਆਂ ਦਾ ਮੋਢੀ ਮਾਣਕ

ਕੁਲਦੀਪ ਮਾਣਕ ਨੂੰ ਜਿੱਥੇ ਉੱਚ ਕੋਟੀ ਦਾ ਗਵੱਈਆ ਹੋਣ ਦਾ ਮਾਣ ਹਾਸਲ ਸੀ ਉੱਥੇ ਹੀ ਉਸ ਨੂੰ ਕੰਪੋਜ਼ਰ ਤੇ ਪੇਸ਼ਕਾਰੀ ਕਰਨ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਇਸ ਲਈ ਉਸ ਨੂੰ ਅਖਾੜਿਆਂ ਦਾ ਮੋਢੀ, ਅਖਾੜਿਆਂ ਦੀ ਸ਼ਾਨ, ਬਾਈ ਮਾਣਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਸੀ।

ਕਈ ਗੀਤਕਾਰਾਂ ਦੇ ਗੀਤ ਗਾਏ

ਮਾਣਕ ਨੇ ਬਾਬੂ ਸਿੰਘ ਮਾਨ, ਗੁਰਦੇਵ ਮਾਨ, ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ, ਰਾਮ ਸਿੰਘ ਢਿੱਲੋਂ, ਦਲੀਪ ਸਿੰਘ ਸਿੱਧੂ ਕਣਕਵਾਲੀਆ, ਬਿੱਕਰ ਮਹਿਰਾਜ, ਅਲਬੇਲ ਬਰਾੜ, ਚੰਨ ਗੁਰਾਇਆ ਵਾਲਾ, ਗੁਰਮੁਖ ਸਿੰਘ ਗਿੱਲ, ਜੰਬੋ ਮਾਜਰੇ ਵਾਲਾ, ਜੱਗਾ ਗਿੱਲ, ਨੱਥੋਹੇੜੀ ਵਾਲਾ, ਮਾਨ ਰਾਮਪੁਰੇ ਵਾਲਾ, ਜਗਜੀਤ ਦਰਦੀ, ਪ੍ਰੀਤ ਮਹਿੰਦਰ ਤਿਵਾੜੀ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਸੇਵਾ ਸਿੰਘ ਨੌਰਥ, ਦੇਬੀ ਮਖਸੂਸਪੁਰੀ, ਮਹਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਧਾਲੀਵਾਲ, ਹਰਬਖਸ਼ ਸਿੰਘ ਟਾਹਲੀ ਵਾਲਾ, ਕਰਨੈਲ ਸਿਵੀਆ, ਬਚਨ ਬੇਦਿਲ, ਭਿੰਦਰ ਡੱਬਵਾਲੀ, ਅਮਰੀਕ ਤਲਵੰਡੀ ਵਰਗੇ ਗੀਤਕਾਰਾਂ ਦੇ ਗੀਤ ਗਾਏ।

– ਸਰੂਪ ਸਿੰਘ