ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਤੇ ਇੰਗਲੈਂਡ ਵਿਚਾਲੇ 25 ਜਨਵਰੀ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇੰਗਲਿਸ਼ ਤੇਜ਼ ਗੇਂਦਬਾਜ਼ ਦਾ ਕਹਿਣਾ ਹੈ ਕਿ ਵਿਰਾਟ ਦੀ ਈਗੋ ਬਹੁਤ ਵੱਡੀ ਹੈ ਤੇ ਭਾਰਤ ‘ਚ ਉਸ ਦੇ ਖ਼ਿਲਾਫ਼ ਖੇਡਣਾ ਕਾਫੀ ਮਜ਼ੇਦਾਰ ਹੋਵੇਗਾ।

ਕੋਹਲੀ ਬਾਰੇ ਰੌਬਿਨਸਨ ਨੇ ਕੀ ਕਿਹਾ?

ਓਲੀ ਰੌਬਿਨਸਨ ਨੇ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਸਪੋਰਟਸ ਪਲੇਟਫਾਰਮ ‘ਤੇ ਗੱਲ ਕਰਦੇ ਹੋਏ ਕਿਹਾ, “ਤੁਸੀਂ ਹਮੇਸ਼ਾ ਬਿਹਤਰੀਨ ਖਿਡਾਰੀਆਂ ਦੇ ਖ਼ਿਲਾਫ਼ ਖੇਡਣਾ ਚਾਹੁੰਦੇ ਹੋ। ਇਸਦੇ ਨਾਲ ਹੀ ਤੁਸੀਂ ਹਮੇਸ਼ਾ ਬਿਹਤਰੀਨ ਖਿਡਾਰੀਆਂ ਨੂੰ ਬਾਹਰ ਕਰਨਾ ਚਾਹੁੰਦੇ ਹੋ। ਵਿਰਾਟ ਦੀ ਈਗੋ ਬਹੁਤ ਵੱਡੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਦੇ ਖ਼ਿਲਾਫ਼ ਖੇਡਣਾ ਬਹੁਤ ਮਜ਼ੇਦਾਰ ਹੋਵੇਗਾ, ਖਾਸ ਕਰਕੇ ਭਾਰਤ ਵਿੱਚ। ਭਾਰਤ ਵਿੱਚ ਕੋਹਲੀ ਗੇਂਦਬਾਜ਼ਾਂ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਪਹਿਲਾਂ ਵੀ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਾਂ ਇਸ ਲਈ ਇਹ ਬਹੁਤ ਮਜ਼ੇਦਾਰ ਹੋਵੇਗਾ।”

ਰੌਬਿਨਸਨ ਨੇ ਕੀਤੀ ਸ਼ਮੀ ਦੀ ਤਾਰੀਫ਼

ਓਲੀ ਰੌਬਿਨਸਨ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਕਾਫੀ ਤਾਰੀਫ਼ ਕੀਤੀ ਹੈ। ਰੌਬਿਨਸਨ ਦਾ ਕਹਿਣਾ ਹੈ ਕਿ ਉਹ ਸ਼ਮੀ ਦੀ ਸੀਮ ਗੇਂਦਬਾਜ਼ੀ ਦਾ ਅਭਿਆਸ ਵੀ ਕਰ ਰਿਹਾ ਹੈ। ਉਸ ਨੇ ਕਿਹਾ, “ਮੈਂ ਮੁਹੰਮਦ ਸ਼ਮੀ ਦੁਆਰਾ ਗੇਂਦਬਾਜ਼ੀ ਕੀਤੀ ਸਿੱਧੀ ਸੀਮ ਦਾ ਅਭਿਆਸ ਕਰ ਰਿਹਾ ਹਾਂ। ਉਹ ਭਾਰਤ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਮੈਂ ਇਸ਼ਾਂਤ ਸ਼ਰਮਾ ਨੂੰ ਵੀ ਦੇਖ ਰਿਹਾ ਹਾਂ। ਉਹ ਕੁਝ ਸਮਾਂ ਸਸੈਕਸ ਲਈ ਖੇਡਿਆ ਹੈ ਤੇ ਉਸ ਨੇ ਭਾਰਤ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।”

ਇਹ ਹੈ ਟੈਸਟ ਸੀਰੀਜ਼ ਦਾ ਸ਼ਡਿਊਲ

ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ‘ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ 2 ਫਰਵਰੀ ਤੋਂ ਸ਼ੁਰੂ ਹੋਵੇਗਾ ਜਦਕਿ ਤੀਜਾ ਟੈਸਟ ਮੈਚ 15 ਫਰਵਰੀ ਤੋਂ ਖੇਡਿਆ ਜਾਵੇਗਾ। ਚੌਥਾ ਟੈਸਟ ਮੈਚ 23 ਫਰਵਰੀ ਤੋਂ ਰਾਂਚੀ ‘ਚ ਸ਼ੁਰੂ ਹੋਵੇਗਾ, ਜਦਕਿ ਸੀਰੀਜ਼ ਦਾ ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।