ਰਘਬਿੰਦਰ ਸਿੰਘ, ਨਡਾਲਾ : ਸ਼ੁੱਕਰਵਾਰ ਤੜਕਸਾਰ ਨਡਾਲਾ-ਢਿਲਵਾ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਨਡਾਲਾ ਸਾਹਮਣੇ ਸਵਾਰੀਆਂ ਨਾਲ ਭਰੇ ਆਟੋ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਜਿਸ ਵਿਚ ਮੋਟਰਸਾਈਕਲ ਸਵਾਰ ਤੇ ਆਟੋ ‘ਚ ਬੈਠੀ ਸਵਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।

ਇਸ ਸਬੰਧੀ ਲਸ਼ਕਰ ਪੁੁੱਤਰ ਚੰਦਰ ਵਾਸੀ ਅਕਬਰਪੁਰ ਆਪਣੇ ਆਟੋ ਪੀ ਬੀ 08 ਡੀ ਐੱਸ 3870 ਤੇ ਪਰਵਾਸੀ ਮਜ਼ਦੂਰਾਂ ਨੂੰ ਸਵੇਰੇ ਤੜਕਸਾਰ 5 ਵਜੇ ਵਾਇਆ ਨਡਾਲਾ-ਢਿਲਵਾਂ ਬਿਆਸ ਰੇਲਵੇ ਸ਼ਟੇਸ਼ਨ ਛੱਡਣ ਜਾ ਰਿਹਾ ਸੀ। ਜਦ ਉਹ ਨਡਾਲਾ -ਢਿਲਵਾ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਨਡਾਲਾ ਸਾਹਮਣੇ ਪੁੱਜਾ ਤਾਂ ਸਾਹਮਣਿਓਂ ਆ ਰਿਹਾ ਤੇਜ਼ ਰਫਤਾਰ ਮੋਟਰਸਾਈਕਲ ਨੰਬਰ ਪੀਬੀ 09 ਈ 8038 ਜਿਸਨੂੰ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਵਾਸੀ ਚੁਗਾਵਾ ਚਲਾ ਰਿਹਾ ਸੀ, ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਤੇ ਆਟੋ ਵਿਚ ਡਰਾਈਵਰ ਦੇ ਨਾਲ ਦੀ ਸੀਟ ‘ਤੇ ਬੈਠੀ ਸਵਾਰੀ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਵੇਰ ਸਮੇਂ ਸੈਰ ਕਰ ਰਹੇ ਲੋਕਾਂ ਨੇ ਨੇੜੇ ਦੇ ਹਸਪਤਾਲ ਪਹੁੰਚਾਇਆ ਤੇ ਇਲਾਜ਼ ਸ਼ੁਰੂ ਕਰਵਾਇਆ। ਪੁਲਿਸ ਮੁਲਾਜ਼ਮ ਆਪਣੇ ਪਿੰਡ ਤੋਂ ਜਲੰਧਰ ਡਿਊਟੀ ਲਈ ਜਾ ਰਿਹਾ ਸੀ।