ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸਭ ਤੋਂ ਸੁਰੱਖਿਅਤ ਖੇਤਰ ਚਾਣਕਿਆਪੁਰੀ ਵਿਚ ਸਥਿਤ ਇਜ਼ਰਾਈਲੀ ਦੂਤਘਰ ਦੇ ਪਿੱਛੇ ਕੱਲ੍ਹ ਯਾਨੀ ਮੰਗਲਵਾਰ ਸ਼ਾਮ ਨੂੰ ਧਮਾਕਾ ਹੋਇਆ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਧਮਾਕਾ ਮਾਮਲੇ ‘ਚ ਅੱਜ ਮਾਮਲਾ ਦਰਜ ਕਰ ਸਕਦਾ ਹੈ।

FSL ਟੀਮ ਕਰ ਰਹੀ ਹੈ ਨਮੂਨਿਆਂ ਦੀ ਜਾਂਚ

ਐੱਫਐੱਸਐੱਲ ਟੀਮ ਵੱਲੋਂ ਮੌਕੇ ਤੋਂ ਇਕੱਤਰ ਕੀਤੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਕੋਈ ਵਿਸਫੋਟਕ ਪਾਇਆ ਗਿਆ ਤਾਂ ਸੈੱਲ ਕੇਸ ਦਰਜ ਕਰੇਗਾ। ਮੌਕੇ ਤੋਂ ਜੋ ਚਿੱਠੀ ਮਿਲੀ ਹੈ, ਉਸ ‘ਤੇ ਸੰਗਠਨ ਅਤੇ ਲੈਟਰਹੈੱਡ ਦਾ ਨਿਸ਼ਾਨ ਹੈ। ਇਸ ਵਿਚ ਇੰਗਲਿਸ਼ ਵਿਚ ਟਾਈਪ ਕੀਤੀ ਸਮੱਗਰੀ ਸ਼ਾਮਲ ਪ੍ਰਤੀਤ ਹੁੰਦੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਲੈਟਰਹੈੱਡ ਦਾ ਨਿਸ਼ਾਨ ਕਿਸ ਸੰਗਠਨ ਦਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੁਝ ਕੈਮੀਕਲ ਆਧਾਰਿਤ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਅਜੇ ਤੱਕ ਆਈਈਡੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਦਿੱਲੀ ਪੁਲਿਸ ਨੇ ਦੋ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਅਤਿ ਸੁਰੱਖਿਅਤ ਇਲਾਕੇ ਚਾਣਕਿਆਪੁਰੀ ਵਿਚ ਇਜ਼ਰਾਈਲੀ ਦੂਤਘਰ ਦੇ ਪਿੱਛੇ ਹੋਏ ਧਮਾਕੇ ਦੇ ਮਾਮਲੇ ਵਿਚ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਮਗਰੋਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਉੱਥੇ ਕਿਵੇਂ ਪਹੁੰਚਿਆ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵੱਖ-ਵੱਖ ਏਜੰਸੀਆਂ ਮੌਕੇ ‘ਤੇ ਮੌਜੂਦ ਰਹੀਆਂ ਅਤੇ ਕਰੀਬ ਤਿੰਨ ਘੰਟੇ ਤੱਕ ਜਾਂਚ ਕੀਤੀ। ਇਸ ਦੌਰਾਨ ਐਨਆਈਏ ਦੀ ਟੀਮ ਵੀ ਮੌਜੂਦ ਸੀ।